ਲੰਡਨ ''ਚ ਤਿਰੰਗੇ ਨੂੰ ਪਿਆਰ ਕਰਨ ਵਾਲੇ ਭਾਰਤੀ ਅੰਬੈਸੀ ਦੀ ਢਾਲ ਬਣ ਖ਼ਾਲਿਸਤਾਨੀਆਂ ਦੇ ਸਾਹਮਣੇ ਅੜੇ
03/22/2023 11:39:36 PM

ਲੰਡਨ (ਏਜੰਸੀ) : ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਖ਼ਾਲਿਸਤਾਨ ਧਿਰਾਂ ਵੱਲੋਂ ਲੰਡਨ 'ਚ ਭਾਰਤੀ ਦੂਤਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ 'ਤੇ ਸੁਰੱਖਿਆ ਲਈ ਲੰਡਨ ਵਿੱਚ ਤਿਰੰਗੇ ਨੂੰ ਪਿਆਰ ਕਰਨ ਵਾਲੇ ਭਾਰਤੀ ਅੰਬੈਸੀ ਦੀ ਢਾਲ ਬਣ ਕੇ ਖ਼ਾਲਿਸਤਾਨੀਆਂ ਦੇ ਸਾਹਮਣੇ ਅੜੇ ਰਹੇ। ਪੰਜਾਬ 'ਚ ਅੰਮ੍ਰਿਤਪਾਲ ਸਿੰਘ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਵਰਕਰਾਂ ਦੀਆਂ ਹੋ ਰਹੀਆਂ ਗ੍ਰਿਫ਼ਤਾਰੀਆਂ ਦੇ ਰੋਸ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬੀਤੇ ਦਿਨ ਖ਼ਾਲਿਸਤਾਨ ਸਮਰਥਕਾਂ ਨੇ ਭਾਰਤੀ ਅੰਬੈਸੀ 'ਤੇ ਲੱਗੇ ਤਿਰੰਗੇ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ, ਉਪਰੰਤ ਅੰਬੈਸੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਸਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜੀ ਦਿੱਲੀ ਦੀ 5 ਮੈਂਬਰੀ ਟੀਮ, ਪਿਤਾ ਨਾਲ ਕੀਤੀ ਬੰਦ ਕਮਰਾ ਮੀਟਿੰਗ
ਇਸ ਕਾਰਨ ਭਾਰਤ ਨੇ ਬਰਤਾਨੀਆ ਸਰਕਾਰ ਕੋਲ ਸਖ਼ਤ ਰੋਸ ਜ਼ਾਹਿਰ ਕੀਤਾ ਸੀ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਮੁੜ ਹੋਏ ਪ੍ਰਦਰਸ਼ਨ ਦੌਰਾਨ ਬਣਾਏ ਤਿਰੰਗੇ 'ਤੇ ਵੱਖਵਾਦੀ ਲੋਕਾਂ ਨੇ ਖੜ੍ਹ ਕੇ ਤਿਰੰਗੇ ਦਾ ਮੁੜ ਨਿਰਾਦਰ ਕੀਤਾ ਤੇ ਪੁਲਸ ਤਸਵੀਰਾਂ ਖਿਚਵਾਉਂਦੀ ਵੇਖੀ ਗਈ। ਉਪਰੰਤ ਭਾਰਤੀ ਲੋਕਾਂ ਵੱਲੋਂ ਅੰਬੈਸੀ ਦੇ ਬਾਹਰ ਖੜ੍ਹ ਕੇ ਖ਼ਾਲਿਸਤਾਨ ਸਮਰਥਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਭਾਰਤੀ ਸਮਰਥਕਾਂ ਅਤੇ ਖ਼ਾਲਿਸਤਾਨੀਆਂ ਵਿਚਾਲੇ ਭਾਰੀ ਪੁਲਸ ਫੋਰਸ ਤਾਇਨਾਤ ਸੀ। ਆਪਸੀ ਟਕਰਾਅ ਨੂੰ ਰੋਕਣ ਲਈ ਘੋੜ ਸਵਾਰ ਪੁਲਸ ਤੇ ਸੀਸੀਟੀਵੀ ਕੈਮਰੇ ਲਾ ਕੇ ਪੁਲਸ ਹਾਜ਼ਰ ਸੀ। ਇਸੇ ਦੌਰਾਨ ਲਗਾਤਾਰ ਦੋਵੇਂ ਪਾਸੇ ਲੋਕ ਇਕ ਦੂਜੇ 'ਤੇ ਰੰਗ ਸੁੱਟ ਰਹੇ ਸਨ, ਜਿਸ ਕਾਰਨ ਪੁਲਸ ਵਾਲਿਆਂ ਦੀਆਂ ਵਰਦੀਆਂ 'ਤੇ ਕਾਲਖ ਦੇ ਨਿਸ਼ਾਨ ਆਮ ਦਿਸ ਰਹੇ ਸਨ। ਦੋਵੇਂ ਪਾਸੇ ਔਰਤਾਂ ਤੇ ਬੱਚਿਆ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।