ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਨੂੰ ਪਾਕਿ ’ਚ ਸਿੱਖ ਲੜਕੀਆਂ ਦੇ ਧਰਮ ਪਰਿਵਰਤਨ ਦਾ ਵਿਰੋਧ ਕਰਨਾ ਪਿਆ ਮਹਿੰਗਾ

9/23/2020 7:50:30 AM

ਗੁਰਦਾਸਪੁਰ,(ਜ. ਬ.)- ਪਾਕਿਸਤਾਨ ’ਚ ਸਿੱਖ ਬਰਾਦਰੀ ਦੀਆਂ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਨ ਦਾ ਵਿਰੋਧ ਕਰਨਾ ਪਾਕਿਸਤਾਨ ’ਚ ਸ਼ਰਨ ਲਈ ਬੈਠੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਆਪਣੇ ਆਪ ਬਣੇ ਚੀਫ ਰਣਜੀਤ ਸਿੰਘ ਨੀਟਾ ਸਮੇਤ ਕੁਝ ਹੋਰ ਖ਼ਾਲਿਸਤਾਨੀਆਂ ਨੂੰ ਮਹਿੰਗਾ ਪੈ ਗਿਆ। ਆਈ. ਐੱਸ. ਆਈ. ਨੇ ਨੀਟਾ ਸਮੇਤ 7 ਲੋਕਾਂ ਨੂੰ ਇਕ ਹਫਤੇ ’ਚ ਪਾਕਿਸਤਾਨ ਛੱਡਣ ਦਾ ਹੁਕਮ ਦਿੱਤਾ ਹੈ।

ਸਰਹੱਦ ਪਾਰ ਸੂਤਰਾਂ ਅਨੁਸਾਰ ਬੀਤੇ ਦਿਨੀਂ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਕਹਾਉਣ ਵਾਲਾ ਰਣਜੀਤ ਸਿੰਘ ਨੀਟਾ ਆਪਣੇ 6 ਸਾਥੀਆਂ ਨਾਲ ਆਈ. ਐੱਸ. ਆਈ. ਦੇ ਉੱਚ ਅਧਿਕਾਰੀਆਂ ਨੂੰ ਮਿਲਿਆ ਅਤੇ ਪਾਕਿਸਤਾਨ ’ਚ ਸਿੱਖ ਪਰਿਵਾਰਾਂ ਦੀਆਂ ਲੜਕੀਆਂ ਦੇ ਅਗਵਾ ਕਰਨ ਦਾ ਮੁੱਦਾ ਇਹ ਕਹਿ ਕੇ ਉਠਾਇਆ ਕਿ ਇਸ ਨਾਲ ਸਾਡੀ ਖ਼ਾਲਿਸਤਾਨ ਲਹਿਰ ਨੂੰ ਨੁਕਸਾਨ ਹੋਵੇਗਾ।

 ਆਈ. ਐੱਸ. ਆਈ. ਅਧਿਕਾਰੀਆਂ ਨੇ ਰਣਜੀਤ ਨੀਟਾ ਕੋਲੋਂ ਇਸ ਮਾਮਲੇ ਦਾ ਹੱਲ ਕੱਢਣ ਲਈ 2 ਦਿਨ ਦਾ ਸਮਾਂ ਮੰਗਿਆਂ। ਅਧਿਕਾਰੀਆਂ ਨੇ ਇਹ ਸਾਰਾ ਮਾਮਲਾ ਆਈ. ਐੱਸ. ਆਈ. ਚੀਫ ਲੈਫ. ਜਨਰਲ ਫੈਜ ਹਮੀਦ ਦੇ ਧਿਆਨ ’ਚ ਲਿਆਦਾ, ਜਿਸਦੇ ਹੁਕਮ ’ਤੇ ਆਈ. ਐੱਸ. ਆਈ. ਅਧਿਕਾਰੀਆਂ ਨੇ ਨੀਟਾ ਅਤੇ ਉਸ ਦੇ ਸਾਥੀਆਂ ਨੂੰ ਸਪੱਸ਼ਟ ਕਰ ਦਿੱਤਾ ਕਿ ਪਾਕਿਸਤਾਨ ਦੇ ਅੰਦਰੂਨੀ ਮਾਮਲਿਆ ’ਚ ਉਨ੍ਹਾਂ ਨੂੰ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਉਨ੍ਹਾਂ ਨੇ ਪਾਕਿਸਤਾਨ ’ਚ ਰਹਿ ਕੇ ਪਾਕਿਸਤਾਨ ਦੀ ਨੀਤੀਆਂ ਦਾ ਵਿਰੋਧ ਕਰਨਾ ਹੈ ਤਾਂ ਉਹ ਇਕ ਹਫਤੇ ’ਚ ਪਾਕਿਸਤਾਨ ਛੱਡ ਕੇ ਕਿਸੇ ਵੀ ਦੂਸਰੇ ਦੇਸ਼ ਚਲੇ ਜਾਣ ਅਤੇ ਜੇ ਇਥੇ ਰਹਿਣਾ ਹੈ ਤਾਂ ਫਿਰ ਮੂੰਹ ਬੰਦ ਰੱਖਣਾ ਪਵੇਗਾ।

ਆਈ. ਐੱਸ. ਆਈ. ਦੇ ਜਵਾਬ ਤੋਂ ਬਾਅਦ ਰਣਜੀਤ ਸਿੰਘ ਨੀਟਾ ਅਜੇ ਚੁੱਪ ਹੋ ਗਿਆ ਹੈ ਅਤੇ ਪਾਕਿਸਤਾਨ ’ਚ ਸ਼ਰਨ ਲਈ ਬੈਠੇ ਹੋਰ ਖਾਲਿਸਤਾਨੀ ਵਿਚਾਰਧਾਰਾਂ ਦੇ ਲੋਕਾਂ ਨਾਲ ਸਾਂਝੀ ਮੀਟਿੰਗ ਕਰਨ ਦੀ ਅਪੀਲ ਕਰ ਰਿਹਾ ਹੈ ਪਰ ਇਹ ਮੀਟਿੰਗ ਕਦੋਂ ਹੋਵੇਗੀ ਜਾਂ ਆਈ. ਐੱਸ. ਆਈ. ਏਜੰਸੀ ਹੋਣ ਵੀ ਦੇਵੇਗੀ ਜਾਂ ਨਹੀਂ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਗਿਆ ਹੈ ਪਰ ਰਣਜੀਤ ਸਿੰਘ ਨੀਟਾ ਇਸ ਸਮੇਂ ਆਈ. ਐੱਸ. ਆਈ. ਦੇ ਹੁਕਮਾਂ ਤੋਂ ਬਹੁਤ ਖਫਾ ਹੈ।


Lalita Mam

Content Editor Lalita Mam