PM ਬਣਨ ਤੋਂ ਬਾਅਦ ਸਟਾਰਮਰ ਦਾ ਅਹਿਮ ਫ਼ੈਸਲਾ, 7 ਸੰਸਦ ਮੈਂਬਰ ਕੀਤੇ ਮੁਅੱਤਲ

Wednesday, Jul 24, 2024 - 05:34 PM (IST)

ਲੰਡਨ- ਬ੍ਰਿਟੇਨ ਵਿੱਚ ਹਾਲ ਹੀ ਵਿੱਚ ਸੰਪੰਨ ਹੋਈਆਂ ਸੰਸਦੀ ਚੋਣਾਂ ਨੇ ਡੇਢ ਦਹਾਕੇ ਤੋਂ ਵੱਧ ਸਮੇਂ ਬਾਅਦ ਸੱਤਾ ਤੋਂ ਲੇਬਰ ਪਾਰਟੀ ਦੀ ਜਲਾਵਤਨੀ ਖ਼ਤਮ ਕਰ ਦਿੱਤੀ ਹੈ। ਪਾਰਟੀ ਆਗੂ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਵਜੋਂ ਕਮਾਂਡ ਸੰਭਾਲ ਲਈ ਹੈ। ਯੂਰਪੀ ਸੰਘ ਤੋਂ ਵੱਖ ਹੋਣ ਤੋਂ ਬਾਅਦ ਬ੍ਰਿਟੇਨ ਸਾਹਮਣੇ ਕਈ ਚੁਣੌਤੀਆਂ ਹਨ। ਇਸ ਤੋਂ ਇਲਾਵਾ ਕੰਜ਼ਰਵੇਟਿਵ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਕੁਝ ਨੀਤੀਆਂ ਵਿੱਚ ਬਦਲਾਅ ਕਰਨਾ ਵੀ ਨਵੀਂ ਲੇਬਰ ਪਾਰਟੀ ਸਰਕਾਰ ਦੇ ਏਜੰਡੇ ਵਿੱਚ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਲਈ ਇਹ ਸਭ ਇੰਨਾ ਆਸਾਨ ਨਹੀਂ ਹੋਵੇਗਾ। ਇਸ ਦੀ ਇੱਕ ਝਲਕ '2 ਚਾਈਲਡ ਬੈਨੀਫਿਟ ਕੈਪ' ਨੀਤੀ ਵਿੱਚ ਸੋਧ ਦੌਰਾਨ ਦੇਖਣ ਨੂੰ ਮਿਲੀ। ਕੰਜ਼ਰਵੇਟਿਵ ਸਰਕਾਰ ਨੇ ਸਰਕਾਰੀ ਖਰਚੇ ਘਟਾਉਣ ਦੇ ਇਰਾਦੇ ਨਾਲ ਇਹ ਨੀਤੀ ਲਿਆਂਦੀ ਸੀ। ਇਸ ਤਹਿਤ ਦੋ ਬੱਚਿਆਂ ਤੋਂ ਬਾਅਦ ਸਰਕਾਰ ਵੱਲੋਂ ਵਿੱਤੀ ਸਹਾਇਤਾ 'ਤੇ ਰੋਕ ਲਗਾ ਦਿੱਤੀ ਗਈ ਸੀ। ਕੀਰ ਸਟਾਰਮਰ ਦੀ ਸਰਕਾਰ ਨੇ ਇਸ ਨੀਤੀ ਵਿੱਚ ਸੋਧ ਕਰਨ ਦਾ ਫ਼ੈਸਲਾ ਕੀਤਾ ਪਰ ਲੇਬਰ ਪਾਰਟੀ ਦੇ 7 ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਪੀ.ਐਮ ਸਟਾਰਮਰ ਨੇ ਸਖ਼ਤ ਕਾਰਵਾਈ ਕਰਦੇ ਹੋਏ ਪਾਰਟੀ ਦੇ ਸਾਰੇ 7 ਸੰਸਦ ਮੈਂਬਰਾਂ ਨੂੰ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਲਈ ਮੁਅੱਤਲ ਕਰ ਦਿੱਤਾ।

ਦਰਅਸਲ ਪ੍ਰਧਾਨ ਮੰਤਰੀ ਕੀਰ ਸਟਾਰਮਰ 2 ਚਾਈਲਡ ਬੈਨੀਫਿਟ ਕੈਪ ਨੀਤੀ ਵਿੱਚ ਸੋਧ ਕਰਨ ਦੀ ਤਿਆਰੀ ਕਰ ਰਹੇ ਹਨ। ਸਟਾਰਮਰ ਸਰਕਾਰ ਦੇ ਇਸ ਕਦਮ ਦਾ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੇ ਹੀ ਵਿਰੋਧ ਕੀਤਾ ਹੈ। 7 ਸੰਸਦ ਮੈਂਬਰਾਂ ਨੇ ਸੋਧ ਬਿੱਲ ਦੇ ਵਿਰੋਧ ਦੀ ਆਵਾਜ਼ ਬੁਲੰਦ ਕੀਤੀ। ਇਸ 'ਤੇ ਖੁਦ ਪੀ.ਐੱਮ ਸਟਾਰਮਰ ਅਤੇ ਪਾਰਟੀ ਹਾਈਕਮਾਨ ਹਰਕਤ 'ਚ ਆ ਗਏ। ਬ੍ਰਿਟਿਸ਼ ਲੇਬਰ ਸਰਕਾਰ ਵੱਲੋਂ 2 ਚਾਈਲਡ ਬੈਨੀਫਿਟ ਕੈਪ ਨੀਤੀ ਨੂੰ ਲੈ ਕੇ ਪਾਰਟੀ ਵ੍ਹਿਪ ਜਾਰੀ ਕੀਤਾ ਗਿਆ ਸੀ ਪਰ 7 ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਅਜਿਹੇ 'ਚ ਲੇਬਰ ਪਾਰਟੀ ਨੇ ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਸਾਰਿਆਂ ਖਿਲਾਫ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਜਹਾਜ਼ ਹਾਦਸਾ; ਇਕ ਝਟਕੇ 'ਚ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਸੰਸਦ ਮੈਂਬਰ ਆਜ਼ਾਦ ਤੌਰ 'ਤੇ ਸੰਸਦ 'ਚ ਮੌਜੂਦ ਰਹਿਣਗੇ

ਸਾਬਕਾ ਸ਼ੈਡੋ ਚਾਂਸਲਰ ਜੌਹਨ ਮੈਕਡੋਨਲ ਵੀ 6 ਮਹੀਨਿਆਂ ਲਈ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ ਸ਼ਾਮਲ ਹਨ। ਉਨ੍ਹਾਂ ਤੋਂ ਇਲਾਵਾ ਰਿਚਰਡ ਬਰਗਨ, ਇਆਨ ਬਾਇਰਨ, ਰੇਬੇਕਾ ਲੋਂਗ ਬੇਲੀ, ਇਮਰਾਨ ਹੁਸੈਨ, ਅਪਸਾਨਾ ਬੇਗਮ ਅਤੇ ਜ਼ਾਰਾ ਸੁਲਤਾਨਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਲੇਬਰ ਪਾਰਟੀ ਵੱਲੋਂ ਮੁਅੱਤਲ ਕੀਤੇ ਗਏ ਸਾਰੇ 7 ਸੰਸਦ ਮੈਂਬਰ ਹੁਣ ਆਜ਼ਾਦ ਸੰਸਦ ਮੈਂਬਰਾਂ ਵਜੋਂ ਸੰਸਦ ਵਿੱਚ ਹਾਜ਼ਰ ਹੋਣਗੇ। ਇਨ੍ਹਾਂ ਸਾਰੇ ਸੰਸਦ ਮੈਂਬਰਾਂ ਨੇ ਸੋਧ ਖ਼ਿਲਾਫ਼ ਵੋਟ ਕੀਤਾ ਸੀ। 2 ਚਾਈਲਡ ਬੈਨੀਫਿਟ ਕੈਪ ਨੀਤੀ ਵਿੱਚ ਸੋਧ ਦਾ ਪ੍ਰਸਤਾਵ ਸੰਸਦ ਵਿੱਚ ਅਸਫਲ ਰਿਹਾ।

ਜਾਣੋੋ 2 ਚਾਈਲਡ ਬੈਨੀਫਿਟ ਕੈਪ ਬਾਰੇ

ਕੰਜ਼ਰਵੇਟਿਵ ਸਰਕਾਰ ਨੇ ਸਾਲ 2017 ਵਿੱਚ 2 ਚਾਈਲਡ ਬੈਨੀਫਿਟ ਕੈਪ ਦੀ ਨੀਤੀ ਲਿਆਂਦੀ ਸੀ। ਇਸ ਦਾ ਉਦੇਸ਼ ਸਰਕਾਰੀ ਖਰਚਿਆਂ ਵਿੱਚ ਕਟੌਤੀ ਕਰਨਾ ਸੀ। ਇਸ ਨੀਤੀ ਤਹਿਤ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 2 ਬੱਚਿਆਂ ਤੱਕ ਸੀਮਤ ਸਨ। ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ 2 ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਬ੍ਰਿਟਿਸ਼ ਜੋੜਿਆਂ ਨੂੰ 3,200 ਪੌਂਡ (3,45,728 ਰੁਪਏ) ਸਾਲਾਨਾ ਦੀ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਦੀ ਇਸ ਨੀਤੀ ਕਾਰਨ ਵੱਡੀ ਗਿਣਤੀ ਬੱਚੇ ਗਰੀਬੀ ਦੀ ਮਾਰ ਝੱਲਣ ਲਈ ਮਜਬੂਰ ਹੋ ਗਏ ਹਨ। ਹੁਣ ਲੇਬਰ ਸਰਕਾਰ ਇਸ ਨੀਤੀ ਵਿੱਚ ਸੋਧ ਕਰਨਾ ਚਾਹੁੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News