ਕਜ਼ਾਕਿਸਤਾਨ ਨੇ ਜਹਾਜ਼ ਹਾਦਸੇ ਦੀ ਜਾਂਚ ਕੀਤੀ ਸ਼ੁਰੂ, ਪੀੜਤਾਂ ਲਈ ਮੁਆਵਜ਼ੇ ਦਾ ਐਲ਼ਾਨ

12/27/2019 4:04:27 PM

ਨੂਰ ਸੁਲਤਾਨ (ਵਾਰਤਾ): ਕਜ਼ਾਕਿਸਤਾਨ ਵਿਚ ਅਲਮਾਟੀ ਸ਼ਹਿਰ ਨੇੜੇ ਸ਼ੁੱਕਰਵਾਰ ਸਵੇਰੇ ਵਾਪਰੇ ਜਹਾਜ਼ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਜ਼ਾਕਿਸਤਾਨ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਅਲਮਾਟੀ ਦੇ ਨੇੜੇ ਜਹਾਜ਼ ਕਰੈਸ਼ ਹੋਣ ਦੇ ਬਾਅਦ ਜਹਾਜ਼ ਸੁਰੱਖਿਆ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਕਜ਼ਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਵਿਚ ਸ਼ੁੱਕਰਵਾਰ ਨੂੰ ਬੇਕ ਏਅਰਲਾਈਨਜ਼ ਦਾ ਜਹਾਜ਼ ਉਡਾਣ ਭਰਨ ਦੇ ਥੋੜ੍ਹੀ ਦੇਰ ਬਾਅਦ ਹੀ ਕਰੈਸ਼ ਹੋ ਗਿਆ। ਜਹਾਜ਼ ਵਿਚ ਚਾਲਕ ਦਲ ਦੇ 5 ਮੈਂਬਰਾਂ ਸਮੇਤ 100 ਯਾਤਰੀ ਸਵਾਰ ਸਨ। ਇਸ ਹਾਦਸੇ ਵਿਚ ਹੁਣ ਤੱਕ 15 ਲੋਕਾਂ ਦੇ ਮਰਨ ਦੀ ਖਬਰ ਹੈ ਜਦਕਿ 66 ਹੋਰ ਜ਼ਖਮੀ ਹਨ। ਇਹਨਾਂ ਵਿਚੋਂ 50 ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। 

ਹਵਾਈ ਅੱਡੇ ਦੇ ਅਧਿਕਾਰੀਆਂ ਦੇ ਮੁਤਾਬਕ ਅੱਜ ਸਵੇਰੇ ਅਲਮਾਟੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਦੇਰ ਬਾਅਦ ਜਹਾਜ਼ ਤੇਜ਼ੀ ਨਾਲ ਡਿੱਗ ਗਿਆ। ਇਹ ਹਾਦਸਾ ਸਥਾਨਕ ਸਮੇਂ ਮੁਤਾਬਕ 7:22 ਵਜੇ ਵਾਪਰਿਆ। ਹਾਦਸੇ ਦੇ ਬਾਅਦ ਜਹਾਜ਼ ਦੋ ਹਿੱਸਿਆਂ ਵਿਚ ਵੰਡਿਆ ਗਿਆ। ਘਟਨਾ ਦੇ ਬਾਅਦ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਬਰਫ ਨਾਲ ਢਕੇ ਹਾਦਸਾਸਥਲ 'ਤੇ ਕਰੀਬ 1,000 ਲੋਕ ਰਾਹਤ ਅਤੇ ਬਚਾਅ ਕੰਮ ਵਿਚ ਜੁਟੇ ਹੋਏ ਹਨ। ਅਲਮਾਟੀ ਵਿਚ ਫਿਲਹਾਲ ਮੌਸਮ ਸਾਫ ਹੈ ਅਤੇ ਤਾਪਮਾਨ ਜ਼ੀਰੋ ਤੋਂ ਕੁਝ ਡਿਗਰੀ ਹੇਠਾਂ ਹੈ, ਜੋ ਇਸ ਮੌਸਮ ਦੇ ਲਿਹਾਜ ਨਾਲ ਸਧਾਰਨ ਹੈ। ਜਹਾਜ਼ ਦੇ ਕਰੈਸ਼ ਹੋਣ ਦੇ ਬਾਅਦ ਉਸ ਵਿਚ ਅੱਗ ਨਹੀਂ ਲੱਗੀ ਇਸ ਲਈ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਜਹਾਜ਼ ਵਿਚੋਂ ਬਾਹਰ ਕੱਢਿਆ ਗਿਆ। 

ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਕਜ਼ਾਕਿਸਤਾਨ ਵਿਚ ਅਪਰਾਧਿਕ ਕੋਡ ਦੀ ਧਾਰਾ 344 ਦੇ ਪ੍ਰਬੰਧ ਦੇ ਅਧੀਨ ਹਵਾਈ ਆਵਾਜਾਈ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਮਾਮਲੇ ਦੀ ਸ਼ੁਰੂਆਤੀ ਜਾਂਚ ਸ਼ੁਰੂ ਹੋ ਗਈ ਹੈ। ਇਸ ਲਈ ਇਕ ਜਾਂਚ ਕਮੇਟੀ ਦਾ ਗਠਨ ਕਰ ਲਿਆ ਗਿਆ ਹੈ, ਜਿਸ ਵਿਚ ਅਨੁਭਵੀ ਜਾਂਚਕਰਤਾ ਅਤੇ ਅਪਰਾਧਿਕ ਜਾਂਚ ਮਾਹਰ ਸ਼ਾਮਲ ਹਨ।'' ਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੇਕ ਏਅਰ ਦੀਆਂ ਸਾਰੀਆਂ ਉਡਾਣਾਂ ਅਤੇ ਕਜ਼ਾਕਿਸਤਾਨ ਵਿਚ ਫੋਕਰ-100 ਜਹਾਜ਼ਾਂ ਦੀਆਂ ਉਡਾਣਾਂ 'ਤੇ ਜਾਂਚ ਪੂਰੀ ਹੋਣ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਏ.ਐੱਫ.ਪੀ. ਦੀ ਖਬਰ ਦੇ ਮੁਤਾਬਕ ਕਜ਼ਾਕਿਸਤਾਨ ਦੇ ਰਾਸ਼ਟਰਪਤੀ ਕਾਸਿਮ-ਜੋਮਾਰਤ ਤੋਕਾਯੇਵ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਗੱਲ ਕਹੀ ਹੈ। ਉਹਨਾਂ ਨੇ ਟਵੀਟ ਕੀਤਾ ਕਿ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਨੂੰ ਕਾਨੂੰਨ ਦੇ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇਗੀ।


Vandana

Content Editor

Related News