...ਜਦੋਂ ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭੇਜੀ ''ਮੁੰਨਾ ਭਾਈ'' ਵਾਲੀ ਜੱਫੀ

11/09/2019 9:04:30 PM

ਗੁਰਦਾਸਪੁਰ/ਲਾਹੌਰ— ਦੁਨੀਆ ਭਰ ਦੇ ਸਿੱਖਾਂ ਵਲੋਂ ਲੰਬੇਂ ਸਮੇਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਅੱਜ ਬੜੇ ਸਨਮਾਨਾਂ ਨਾਲ ਕੀਤਾ ਗਿਆ ਹੈ। ਇਸ ਦੌਰਾਨ ਭਾਰਤ ਵਲੋਂ ਵੱਡੀਆਂ ਸਿਆਸੀ ਸ਼ਖਸੀਅਤਾਂ ਲਾਂਘੇ ਦੇ ਉਦਘਾਟਨ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦਰਸ਼ਨਾਂ ਲਈ ਗਈਆਂ। ਇਨ੍ਹਾਂ ਸ਼ਖਸੀਅਤਾਂ 'ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਸਨ ਤੇ ਉਨ੍ਹਾਂ ਨੇ ਲਾਂਘੇ ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ਨਾਲ ਸਮਾਗਮ 'ਚ ਮੌਜੂਦ ਹਰ ਕਿਸੇ ਦਾ ਦਿਲ ਜਿੱਤ ਲਿਆ। ਇੰਨਾਂ ਹੀ ਨਹੀਂ ਉਨ੍ਹਾਂ ਨੇ ਇਸ ਸ਼ੁੱਭ ਮੌਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ 'ਮੁੰਨਾ ਭਾਈ' ਵਾਲੀ ਜੱਫੀ ਭੇਜੀ।

ਨਵਜੋਤ ਸਿੰਘ ਸਿੰਧੂ ਨੇ ਆਪਣੇ ਸੰਬੋਧਨ ਦੇ ਆਖਰੀ ਪੜਾਅ 'ਚ ਕਿਹਾ ਕਿ ਉਹ ਭਾਰਤ ਤੋਂ ਪਾਕਿਸਤਾਨੀ ਲੋਕਾਂ ਲਈ ਟਰਾਲਾ ਭਰ ਕੇ ਦੁਆਵਾਂ ਲਿਆਏ ਹਨ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਸ ਸ਼ੁੱਭ ਮੌਕੇ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਮੇਰੀ ਉਨ੍ਹਾਂ ਨਾਲ ਸਿਆਸੀ ਲੜਾਈ ਹੋਵੇ, ਭਾਵੇਂ ਮੇਰੀ ਜ਼ਿੰਦਗੀ ਗਾਂਧੀ ਪਰਿਵਾਰ ਦੇ ਨਾਂ ਹੋਵੇ ਪਰ ਤੁਸੀਂ ਜੋ ਕੰਮ ਕੀਤਾ ਹੈ ਤੁਹਾਨੂੰ ਵੀ ਮੈਂ 'ਮੁੰਨਾ ਭਾਈ' ਐੱਮ.ਬੀ.ਬੀ.ਐੱਸ. ਵਾਲੀ ਜੱਫੀ ਭੇਜ ਰਿਹਾਂ ਮੋਦੀ ਸਾਹਿਬ, ਲੈ ਲਓ ਜੱਫੀ। ਮੈਂ ਜੱਫੀ ਪਾਉਣ ਲਈ ਤਿਆਰ ਹਾਂ ਜੇ ਤੁਸੀਂ ਮੈਨੂੰ ਬੁਲਾਓ ਗਲ੍ਹ ਘੁੱਟ ਕੇ ਜੱਫੀ ਨਾ ਪਾਵਾਂ ਤਾਂ...। ਉਨ੍ਹਾਂ ਕਿਹਾ ਇਥੇ ਪਾਰਟੀ ਨਹੀਂ ਦੇਖਣੀ, ਇਥੇ ਬਾਬਾ ਦੇਖਣਾ ਹੈ, ਜਿਨ੍ਹੇ ਨਾ ਊਚ ਮੰਨੀ ਨਾ ਨੀਚ, ਜਿਨ੍ਹੇ ਪੱਖਪਾਤ ਨਹੀਂ ਦੇਖਿਆ, ਜਿਸ ਨੇ ਸੱਚ ਨੂੰ ਪ੍ਰਕਾਸ਼ਿਤ ਕੀਤਾ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਤੇ ਨਰਿੰਦਰ ਮੋਦੀ ਦੀ ਤਾਰੀਫ 'ਚ ਇਕ ਸ਼ੇਰ ਵੀ ਪੜ੍ਹਿਆ ਕਿ 'ਦੁਆ ਹੈ ਤੇਰੀ ਹਸਤੀ ਕਾ ਕੁਛ ਐਸਾ ਨਜ਼ਾਰਾ ਹੋ ਜਾਏ, ਕਸ਼ਤੀ ਬੀ ਉਤਾਰੇ ਮੌਜੋਂ ਪੇ, ਤੂਫਾਂ ਹੀ ਕਿਨਾਰਾ ਹੋ ਜਾਏ।' ਆਪਣੇ ਸੰਬੋਧਨ ਦੇ ਸਮਾਪਨ 'ਚ ਨਵਜੋਤ ਸਿੰਘ ਸਿੱਧੂ ਨੇ ਗੱਜ ਕੇ ਫਤਿਹ ਬੁਲਾਈ ਤੇ ਸਮੂਹ ਸੰਗਤ ਦਾ ਸ਼ੁਕਰਾਨਾ ਕੀਤਾ।

ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨੀਵਾਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਲਾਂਘੇ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਖਾਲਸਾਈ ਝੰਡਾ ਲਹਿਰਾ ਕੇ ਡੇਰਾ ਬਾਬਾ ਨਾਨਕ ਚੈੱਕਪੋਸਟ ਤੋਂ ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ ਕੀਤਾ। ਪੀ.ਐੱਮ. ਮੋਦੀ ਵੱਲੋਂ ਰਵਾਨਾ ਕੀਤੇ ਗਏ ਪਹਿਲੇ ਜਥੇ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪੀ.ਐੱਮ. ਡਾਕਟਰ ਮਨਮੋਹਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਐੱਮ.ਪੀ. ਹਰਸਿਮਰਤ ਕੌਰ ਬਾਦਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਸਨ।


Baljit Singh

Content Editor

Related News