ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ’ਤੇ ਤੁਰਕੀ ਦੇ ਕੰਟਰੋਲ ਦਾ ਕੀਤਾ ਵਿਰੋਧ

Monday, Jul 12, 2021 - 03:35 PM (IST)

ਕਾਬੁਲ (ਬਿਊਰੋ)– ਤਾਲਿਬਾਨ ਨੇ ਅਮਰੀਕਾ ਤੇ ਤੁਰਕੀ ਦੇ ਵਿਚਾਲੇ ਕਾਬੁਲ ’ਚ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ’ਤੇ ਕਬਜ਼ਾ ਕਰਨ ਦੇ ਲਈ ਇਕ ਸਮਝੌਤੇ ’ਤੇ ਆਪਣਾ ਵਿਰੋਧ ਜ਼ਾਹਿਰ ਕੀਤਾ ਹੈ। ਟੋਲੋਨਿਊਜ਼ ਦੀ ਰਿਪੋਰਟ ਮੁਤਾਬਕ ਸਮੂਹ ਦੇ ਇਕ ਬੁਲਾਰੇ ਨੇ ਕਿਹਾ ਕਿ ਤਾਲਿਬਾਨ ਅਫਗਾਨਿਸਤਾਨ ਤੋਂ ਆਪਣੀ ਵਾਪਸੀ ਲਈ ਨਿਰਧਾਰਿਤ ਸਮਾਂ ਹੱਦ ਤੋਂ ਬਾਅਦ ਕਿਸੇ ਵੀ ਵਿਦੇਸ਼ੀ ਫੌਜੀ ਦੀ ਮੌਜੂਦਗੀ ਦੇ ਖ਼ਿਲਾਫ਼ ਹੈ।

ਤਾਲਿਬਾਨ ਦੇ ਸਾਬਕਾ ਕਮਾਂਡਰ ਸਈਦ ਅਕਬਰ ਆਗਾ ਨੇ ਕਿਹਾ, ‘ਜੇਕਰ ਉਹ ਨਾਟੋ ਜਾਂ ਤੁਰਕੀ ਜਾਂ ਕਿਸੇ ਹੋਰ ਦੇਸ਼ ਦੇ ਢਾਂਚੇ ਦੇ ਅੰਦਰ ਰਹਿੰਦੇ ਹਨ ਤਾਂ ਇਹ ਅਫਗਾਨਿਸਤਾਨ ਦੇ ਲੋਕਾਂ ਤੇ ਤਾਲਿਬਾਨ ਦੋਵਾਂ ਲਈ ਮਨਜ਼ੂਰਯੋਗ ਨਹੀਂ ਹੋਵੇਗਾ।’

ਅਮਰੀਕਾ ਤੇ ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਬਲਾਂ ਨੂੰ 31 ਅਗਸਤ ਤਕ ਡ੍ਰਾਅ-ਡਾਊਨ ਪੂਰਾ ਕਰਨ ਦੀ ਉਮੀਦ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਅਰਗੋਦਨ ਨੇ ਕਿਹਾ ਹੈ ਕਿ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ’ਤੇ ਸਮਝੌਤੇ ’ਤੇ ਸਹਿਮਤੀ ਹੋਈ ਹੈ।

ਤੁਰਕੀ ਦੇ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਸਮਝੌਤੇ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ, ‘ਸਾਡੇ ਰੱਖਿਆ ਮੰਤਰੀ ਨੇ ਅਮਰੀਕੀ ਰੱਖਿਆ ਸਕੱਤਰ ਨਾਲ ਮੁਲਾਕਾਤ ਕੀਤੀ ਤੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਭਵਿੱਖ ’ਤੇ ਚਰਚਾ ਕਰਨ ਲਈ ਅਸੀਂ ਅਮਰੀਕਾ ਤੇ ਨਾਟੋ ਨਾਲ ਬੈਠਕ ਕੀਤੀ। ਅਸੀਂ ਤੈਅ ਕੀਤਾ ਕਿ ਅਸੀਂ ਇਸ ਸਬੰਧੀ ਕੀ ਕਬੂਲ ਕਰਦੇ ਹਾਂ ਤੇ ਕਿਹੜੀਆਂ ਸ਼ਰਤਾਂ ’ਤੇ ਅਸੀਂ ਸਹਿਮਤ ਨਹੀਂ ਹਾਂ।’

ਇਸ ਵਿਚਾਲੇ ਅਫਗਾਨ ਸਰਕਾਰ ਨੇ ਇਸ ਕਦਮ ਦਾ ਸੁਆਗਤ ਕੀਤਾ ਹੈ। ਰੱਖਿਆ ਮਤਰਾਲੇ ਦੇ ਬੁਲਾਰੇ ਰੋਹੁੱਲਾਹ ਅਹਿਮਦਜ਼ਈ ਨੇ ਕਿਹਾ, ‘ਅਸੀਂ ਹਵਾਈ ਅੱਡਿਆਂ ਦੇ ਕੰਟਰੋਲ ਦੀ ਸਮਰੱਥਾ ਤੇ ਪ੍ਰਬੰਧਨ ਨੂੰ ਮਜ਼ਬੂਤ ਕਰਨ ’ਚ ਉਨ੍ਹਾਂ ਦੇ ਸਹਿਯੋਗ ਲਈ ਮਿੱਤਰ ਦੇਸ਼ਾਂ ਦਾ ਸੁਆਗਤ ਕਰਦੇ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News