ਅੰਮ੍ਰਿਤਸਰ ਕਬੱਡੀ ਕੱਪ ਫਰਿਜ਼ਨੋ ''ਚ ਫਤਿਹ ਸਪੋਰਟਸ ਕਲੱਬ ਨੇ ਜਿੱਤਿਆ ਖ਼ਿਤਾਬ, ਦਰਸ਼ਕਾਂ ਦਾ ਮਿਲਿਆ ਬੇਅੰਤ ਪਿਆਰ
Monday, Oct 13, 2025 - 08:54 AM (IST)

ਫਰਿਜ਼ਨੋ, ਕੈਲੀਫ਼ੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮੈਰਿਕਨ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਅੰਮ੍ਰਿਤਸਰ ਕਲੱਬ ਵੱਲੋਂ ਸਥਾਨਕ ਡੇਰਨ ਕਾਲਜ ਸਟੇਡੀਅਮ ਵਿੱਚ ਸ਼ਾਨਦਾਰ ਕਬੱਡੀ ਕੱਪ 2025 ਦਾ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਨੇ ਖਿਡਾਰੀਆਂ ਅਤੇ ਦਰਸ਼ਕਾਂ ਦੋਵਾਂ ਦੇ ਦਿਲ ਜਿੱਤ ਲਏ।
ਫਾਈਨਲ ਮੁਕਾਬਲਾ ਫਤਿਹ ਸਪੋਰਟਸ ਕਲੱਬ ਅਤੇ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ (ਮਾਝਾ) ਵਿਚਕਾਰ ਹੋਇਆ, ਜਿਸ ਵਿੱਚ ਫਤਿਹ ਸਪੋਰਟਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਂ ਕੀਤਾ। ਟੂਰਨਾਮੈਂਟ ਦੇ ਬਿਹਤਰੀਨ ਰੇਡਰ ਗੁਰਪ੍ਰੀਤ ਬੁਰਜ ਹਰੀਪੁਰ ਰਹੇ, ਜਦਕਿ ਬਿਹਤਰੀਨ ਸਟਾਪਰ ਇੰਦਰਜੀਤ ਕਲਸੀਆ ਅਤੇ ਦਲਜਿੰਦਰ ਔਜਲਾ ਚੁਣੇ ਗਏ।
ਇਸ ਟੂਰਨਾਮੈਂਟ ਦੇ ਪਹਿਲੇ ਇਨਾਮ ਦਾ ਪ੍ਰਬੰਧ ਉੱਘੇ ਕਾਰੋਬਾਰੀ ਵਿਨੇ ਵੋਹਰਾ ਅਤੇ ਵਿਕਰਮ ਵੋਹਰਾ (Fast & Easy Group) ਵੱਲੋਂ ਕੀਤਾ ਗਿਆ, ਜਿਨ੍ਹਾਂ ਦਾ ਟੂਰਨਾਮੈਂਟ ਨੂੰ ਕਾਮਯਾਬ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ, ਜਦਕਿ ਦੂਜਾ ਇਨਾਮ JST Truck Permits ਦੇ ਜੰਗਸ਼ੇਰ ਸਿੰਘ ਅਤੇ JS Insurance ਦੇ ਜਗਦੀਪ ਸਿੰਘ ਵੱਲੋਂ ਦਿੱਤਾ ਗਿਆ। ਦੋਹਾਂ ਨੇ ਪ੍ਰੋਗਰਾਮ ਦੀ ਸਫਲਤਾ 'ਚ ਵੱਡਾ ਸਹਿਯੋਗਤ ਦਿੱਤਾ।
ਅੰਮ੍ਰਿਤਸਰ ਕਬੱਡੀ ਕਲੱਬ ਦੇ ਪ੍ਰਧਾਨ ਯਾਦ ਸਿੱਧੂ ਨੇ ਪ੍ਰਬੰਧਕਾਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅੰਮ੍ਰਿਤਸਰ ਕਲੱਬ ਫਰਿਜ਼ਨੋ ਦੇ ਅਣਥੱਕ ਮੈਂਬਰ ਜਿਨ੍ਹਾਂ ਦੀ ਮਿਹਨਤ ਨਾਲ ਟੂਰਨਾਮੈਂਟ ਕਾਮਯਾਬ ਬਣਿਆ, ਉਨ੍ਹਾਂ 'ਚ ਯਾਦ ਸਿੱਧੂ (ਪ੍ਰਧਾਨ), ਦਿਲਬਾਗ ਸੰਧੂ, ਸ਼ਰਨ ਸੰਧੂ , ਸੁਖਬੀਰ ਰੰਧਾਵਾ, ਅਮਰੀਕ ਸਿੰਘ, ਬਿੱਟੂ ਗਿੱਲ, ਰਾਣਾ ਜੌਹਲ, ਵਰਿੰਦਰ ਗਰੇਵਾਲ, ਸਿਮਰਨ ਫੁੱਲ, ਜਸਪਾਲ ਥਿੰਦ, ਪਰਮਿੰਦਰਦਿਉ, ਰਾਣਾ ਦਿਉ, ਲੱਖਾ ਖੇਮਕਰਨ, ਲੱਕੀ ਢਿੱਲੋਂ, ਸੁਖਦੀਪ ਸਿੰਘ, ਅਮਨ ਰੰਧਾਵਾ, ਇੰਦਰ ਖਹਿਰਾ, ਮਨਸਿਮਰਨ ਸਿੱਧੂ, ਦਿਲਮਹਿਕ ਸੇਖੋਂ, ਸ਼ੁਭ ਰੰਧਾਵਾ, ਸਰਵਣ ਗਿੱਲ ਆਦਿ ਸ਼ਾਮਲ ਹਨ।
ਕਬੱਡੀ ਪ੍ਰਮੋਟਰ ਨਾਜਰ ਸਿੰਘ ਸਹੋਤਾ, ਜੈਲਾ ਧੂੜਕੋਟ, ਕਾਲਾ ਡੋਡ, ਦੀਸ਼ਾ ਬਾਈ, ਪਿੰਦਾ ਕੋਟਲਾ ਆਦਿ ਨੇ ਪ੍ਰੋਗਰਾਮ ਦੀ ਸਫਲਤਾ ਲਈ ਪੂਰੀ ਮਿਹਨਤ ਕੀਤੀ। ਅੰਮ੍ਰਿਤਸਰ ਕਲੱਬ ਦੇ ਸਹਿਯੋਗੀ ਹਰਚੰਦ ਸਿੰਘ ਦਿਊਲ, ਨਿਰਮਲ ਨਿੰਮਾ, ਹਰਮੀਤ ਖੱਟੜਾ, ਅਨਮੋਲ ਤੇ ਸੁਰਿੰਦਰ ਆਦਿ ਸੱਜਣਾਂ ਨੇ ਖਾਣ-ਪੀਣ ਦੀ ਕੋਈ ਤੋਟ ਨਹੀਂ ਆਉਣ ਦਿੱਤੀ।
ਕਮੈਂਟੇਟਰਾਂ ਸਵਰਨ ਮੱਲ੍ਹਾ ਅਤੇ ਕਾਲਾ ਰਸ਼ੀਨ ਨੇ ਆਪਣੇ ਟੋਟਕਿਆਂ ਤੇ ਕੁਮੈਂਟਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ, ਜਦਕਿ ਸਟੇਜ ਸੰਚਾਲਨ ਜੀਤ ਰਣਜੀਤ ਨੇ ਕੀਤਾ।
ਅਮੈਰਿਕਨ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹਰਸਿਮਰਨ ਸਿੰਘ ਨੇ ਕਿਹਾ, “ਫਰਿਜ਼ਨੋ ਕੱਪ ਸਾਡੇ ਸੀਜ਼ਨ 2025 ਦਾ ਆਖਰੀ ਕੱਪ ਸੀ। ਸਫਰ ਚੁਣੌਤੀਆਂ ਭਰਿਆ ਰਿਹਾ ਪਰ ਦਰਸ਼ਕਾਂ ਦੇ ਪਿਆਰ ਤੇ ਉਤਸ਼ਾਹ ਨੇ ਸਾਨੂੰ ਕਾਮਯਾਬੀ ਬਖ਼ਸ਼ੀ।'' ਇਸ ਮੌਕੇ ਫੈਡਰੇਸ਼ਨ ਦੇ ਸੰਨਦੀਪ ਸਿੰਘ ਜੰਟੀ, ਧੀਰਾ ਨਿੱਝਰ ਆਦਿ ਨੇ ਵੀ ਸ਼ਮੂਲੀਅਤ ਕੀਤੀ ਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਖੇਡ ਤੇ ਸੱਭਿਆਚਾਰ ਦੇ ਸੁੰਦਰ ਸੁਮੇਲ ਨਾਲ ਭਰਪੂਰ ਇਹ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਚੰਗੇ ਪ੍ਰਬੰਧਾਂ ਅਤੇ 10,000 ਤੋਂ ਵੱਧ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਇਹ ਖੇਡ-ਮੇਲਾ ਯਾਦਗਾਰੀ ਹੋ ਨਿੱਬੜਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e