ਕੈਨੇਡਾ ਤੱਕ ਪੁੱਜਿਆ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਸੇਕ, ਕਿਸਾਨਾਂ ਦੇ ਹੱਕ ''ਚ ਆਏ ਜਸਟਿਨ ਟਰੂਡੋ
Tuesday, Dec 01, 2020 - 06:04 PM (IST)
ਓਟਾਵਾ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਭਾਰਤ ਦੀ ਨਰਿੰਦਰ ਮੋਦੀ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਭਾਰਤ ਵਿਚ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਬੋਲਣ ਵਾਲੇ ਪਹਿਲੇ ਅੰਤਰਰਾਸ਼ਟਰੀ ਨੇਤਾ ਬਣ ਗਏ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਭਾਰਤ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦਿਆਂ ਕੈਨੇਡੀਅਨ ਪਹਿਚਾਣ ਨੂੰ ਮੁੜ ਸਰਬੱਤ ਦੇ ਭਲੇ ਦੇ ਅਲੰਬਰਦਾਰ ਵਜੋਂ ਦੁਹਰਾਉਂਦਿਆਂ ਜਗਤ ਗੁਰੂ ਨੂੰ ਯਾਦ ਕੀਤਾ।
ਟਰੂਡੋ ਨੇ ਕਹੀ ਇਹ ਗੱਲ
ਟਰੂਡੋ ਨੇ ਇਹ ਗੱਲ ਉਹਨਾਂ ਨੇ ਕੈਨੇਡਾ ਦੇ ਨਾਗਰਿਕਾਂ, ਖ਼ਾਸਕਰ ਸਿੱਖ ਧਰਮ ਦੇ ਲੋਕਾਂ ਨੂੰ ਗੁਰਪੁਰਬ ਦੇ ਮੌਕੇ 'ਤੇ ਸ਼ੁਭਕਾਮਨਾਵਾਂ ਦੇਣ ਲਈ ਜਾਰੀ ਇਕ ਵੀਡੀਓ ਵਿਚ ਕਹੀ।ਇਸ ਵੀਡੀਓ ਵਿਚ ਉਹਨਾਂ ਨੇ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਹਾਲਾਤ ਚਿੰਤਾਜਨਕ ਹਨ। ਟਰੂਡੋ ਨੇ ਕਿਹਾ,''ਅਸੀਂ ਪਰਿਵਾਰ ਅਤੇ ਦੋਸਤਾਂ ਨੂੰ ਲੈਕੇ ਪਰੇਸ਼ਾਨ ਹਾਂ। ਸਾਨੂੰ ਪਤਾ ਹੈ ਕਿ ਇਹ ਕਈ ਲੋਕਾਂ ਦੇ ਲਈ ਸੱਚਾਈ ਹੈ।'' ਅੰਦੋਲਨ ਨਾਲ ਸਮਰਥਨ ਜ਼ਾਹਰ ਕਰਦਿਆਂ ਟਰੂਡੋ ਨੇ ਅੱਗੇ ਕਿਹਾ,''ਕੈਨੇਡਾ ਹਮੇਸ਼ਾ ਸ਼ਾਂਤੀਪੂਰਨ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਬਚਾਅ ਕਰੇਗਾ। ਅਸੀਂ ਗੱਲਬਾਤ ਵਿਚ ਵਿਸ਼ਵਾਸ ਕਰਦੇ ਹਾਂ। ਅਸੀਂ ਭਾਰਤੀ ਪ੍ਰਸ਼ਾਸਨ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਰੱਖੀਆਂ ਹਨ। ਇਹ ਸਮਾਂ ਸਾਰਿਆਂ ਦੇ ਨਾਲ ਆਉਣ ਦਾ ਹੈ।''
ਟਰੂਡੋ ਦੇ ਮੰਤਰੀ ਨੇ ਕੀਤੀ ਅਪੀਲ
ਟਰੂਡੋ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਨੇ ਟਵਿੱਟਰ 'ਤੇ ਲਿਖਿਆ ਸੀ,''ਭਾਰਤ ਵਿਚ ਸ਼ਾਂਤੀਪੂਰਨ ਪ੍ਰਦਰਸ਼ਨਾਂ 'ਤੇ ਬੇਰਹਿਮੀ ਦਿਖਾਉਣੀ ਪਰੇਸ਼ਾਨ ਕਰਨ ਵਾਲੀ ਹੈ। ਮੇਰੇ ਖੇਤਰ ਵਿਚ ਕਈ ਲੋਕਾਂ ਦੇ ਪਰਿਵਾਰ ਇੱਥੇ ਹਨ ਅਤੇ ਉਹਨਾਂ ਨੂੰ ਆਪਣੇ ਲੋਕਾਂ ਦੀ ਚਿੰਤਾ ਹੈ। ਸਿਹਤਮੰਦ ਲੋਕਤੰਤਰ ਸ਼ਾਂਤੀਪੂਰਨ ਪ੍ਰਦਰਸ਼ਨ ਦੀ ਇਜਾਜ਼ਤ ਦਿੰਦੇ ਹਨ। ਮੈਂ ਇਸ ਬੁਨਿਆਦੀ ਅਧਿਕਾਰ ਦੀ ਰੱਖਿਆ ਦੀ ਅਪੀਲ ਕਰਦਾ ਹਾਂ।''