ਬੰਦੀ ਸਿੱਖਾਂ ਦੀ ਰਿਹਾਈ ਲਈ UNO ਦਫ਼ਤਰ ਜੇਨੇਵਾ ਸਾਹਮਣੇ ਵਰਲਡ ਸਿੱਖ ਪਾਰਲੀਮੈਟ ਵੱਲੋਂ ਇਨਸਾਫ਼ ਰੈਲੀ
Sunday, Dec 11, 2022 - 09:22 PM (IST)
ਜੇਨੇਵਾ (ਸਰਬਜੀਤ ਸਿੰਘ ਬਨੂੜ) : ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ 'ਤੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਯੂ. ਐੱਨ. ਓ. ਜੇਨੇਵਾ ਦਫ਼ਤਰ ਦੇ ਸਾਹਮਣੇ ਯੂਰਪ ਦੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਵੱਲੋਂ ਇਨਸਾਫ਼ ਰੈਲੀ ਕੀਤੀ ਗਈ। ਇਸ ਮੌਕੇ ਭਾਰਤ ਵੱਲੋਂ ਯੂ. ਐੱਨ. ਚਾਰਟਰ 'ਤੇ ਸਹਿਮਤੀ ਹੋਣ ਦੇ ਬਾਵਜੂਦ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ 'ਤੇ ਕੀਤੇ ਜਾ ਰਹੇ ਜਬਰ-ਜ਼ੁਲਮ ਅਤੇ ਉਨ੍ਹਾਂ ਦੇ ਮਨੁੱਖੀ ਹੱਕਾਂ ਨੂੰ ਜਬਰੀ ਖੋਹਣ ਦੇ ਅਮਲ ਨੂੰ ਇਨਸਾਫ਼ ਰੈਲੀ ਵਿੱਚ ਉਜਾਗਰ ਕੀਤਾ ਗਿਆ। ਇਸ ਮੌਕੇ ਮਨੁੱਖੀ ਹੱਕਾਂ ਨਾਲ ਸਬੰਧਿਤ ਮਸਲਿਆਂ ਦੇ ਯੂ. ਐੱਨ. ਓ. ਜੇਨੇਵਾ ਵਿੱਚ ਵਿਸ਼ੇਸ਼ ਹਾਈ ਕਮਿਸ਼ਨਰ ਨੂੰ ਯਾਦ ਪੱਤਰ ਦੇ ਕੇ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਰਾਜਸੀ ਸਿੱਖ ਕੈਦੀਆਂ ਦੀਆਂ ਜਾਣਕਾਰੀ ਦਿੰਦੀਆਂ ਵੱਡੀਆਂ ਤਸਵੀਰਾਂ ਲਾਈਆਂ ਗਈਆਂ।
ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ
ਇਨਸਾਫ਼ ਰੈਲੀ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਦੀ ਫਾਸ਼ੀਵਾਦੀ ਹਿੰਦੂਤਵੀ ਮੋਦੀ ਹਕੂਮਤ ਵੱਲੋਂ ਘੱਟ ਗਿਣਤੀਆਂ ਤੇ ਖਾਸ ਕਰਕੇ ਸਿੱਖ ਕੌਮ ਦੀ ਧਾਰਮਿਕ, ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਤੌਰ 'ਤੇ ਤਬਾਹਕੁੰਨ ਨੀਤੀਆਂ ਰਾਹੀਂ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲਘੰਣਾ ਲਈ ਜਵਾਬਦੇਹ ਬਣਾਉਣ ਦਾ ਸੁਨੇਹਾ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਲੁਧਿਆਣਾ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ 'ਤੇ ਖਰਚ ਕਰੇਗੀ 42.37 ਕਰੋੜ : ਡਾ. ਨਿੱਜਰ
ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਭਾਈ ਜੋਗਾ ਸਿੰਘ ਯੂਕੇ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਇੰਗਲੈਂਡ ਕੋ-ਕੋਆਰਡੀਨੇਟਰ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਪ੍ਰਿਤਪਾਲ ਸਿੰਘ ਸਵਿਟਜ਼ਰਲੈਂਡ, ਭਾਈ ਗੁਰਪਾਲ ਸਿੰਘ ਜਰਮਨੀ, ਭਾਰੀ ਜਤਿੰਦਰ ਸਿੰਘ, ਭਾਈ ਸ਼ਿੰਗਾਰਾ ਸਿੰਘ ਮਾਨ, ਭਾਈ ਪ੍ਰਿਥੀਪਾਲ ਸਿੰਘ, ਰਾਮ ਸਿੰਘ ਫਰਾਂਸ, ਭਾਈ ਜਸਵਿੰਦਰ ਸਿੰਘ, ਭਾਈ ਹਰਜੀਤ ਸਿੰਘ ਹਾਲੈਂਡ ਤੇ ਭਾਈ ਮਨਜੋਤ ਸਿੰਘ ਬੈਲਜੀਅਮ ਨੇ ਆਪਣੇ ਵਿਚਾਰਾਂ ਦੀ ਅੰਗਰੇਜ਼ੀ, ਫਰੈਂਚ, ਡੱਚ ਵਿੱਚ ਸਾਂਝ ਪਾਈ ਗਈ ਅਤੇ ਮੰਗੋਲੀਆ, ਅਲਜੀਰੀਆ ਤੇ ਆਜ਼ਾਦ ਕਸ਼ਮੀਰ ਦੇ ਬੁਲਾਰਿਆਂ ਨੇ ਸਿੱਖ ਕੌਮ ਦੇ ਆਜ਼ਾਦ ਘਰ ਖਾਲਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਲਈ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਰਲਡ ਸਿੱਖ ਪਾਰਲੀਮੈਟ ਵੱਲੋਂ ਪ੍ਰਣ ਕੀਤਾ ਗਿਆ ਕਿ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਅਮਰੀਕਾ, ਇੰਗਲੈਂਡ, ਜਰਮਨ, ਹਾਲੈਂਡ ਤੇ ਜੇਨੇਵਾ ਵਿੱਚ ਇਨਸਾਫ਼ ਰੈਲੀਆਂ ਕਰਕੇ ਆਵਾਜ਼ ਲਗਾਤਾਰ ਉਠਾਈ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।