4 ਸਾਲ ਬਾਅਦ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਮਿਲੇਗਾ ਇਨਸਾਫ, ਦੋਸ਼ੀ ਨੂੰ ਮਿਲੇਗੀ ਸਜ਼ਾ

Sunday, Jun 17, 2018 - 01:09 PM (IST)

4 ਸਾਲ ਬਾਅਦ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਮਿਲੇਗਾ ਇਨਸਾਫ, ਦੋਸ਼ੀ ਨੂੰ ਮਿਲੇਗੀ ਸਜ਼ਾ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਹੱਤਿਆ ਮਾਮਲੇ ਵਿਚ ਅਦਾਲਤ ਨੇ ਇਕ ਅਮਰੀਕੀ ਸ਼ਖਸ ਨੁੰ ਦੋਸ਼ੀ ਕਰਾਰ ਦਿੱਤਾ ਹੈ। ਮ੍ਰਿਤਕ ਦਾ ਪਰਿਵਾਰ ਬੀਤੇ ਚਾਰ ਸਾਲਾਂ ਤੋਂ ਨਿਆਂ ਦੀ ਮੰਗ ਕਰ ਰਿਹਾ ਸੀ। ਮੀਡੀਆ ਰਿਪੋਰਟ ਵਿਚ ਉਕਤ ਜਾਣਕਾਰੀ ਦਿੱਤੀ ਗਈ ਹੈ। ਦੱਖਣੀ ਇਲੀਨੋਇਸ ਯੂਨੀਵਰਸਿਟੀ ਦਾ ਵਿਦਿਆਰਥੀ ਪ੍ਰਵੀਨ ਵਰਗੀਸ ਸਾਲ 2014 ਵਿਚ ਮ੍ਰਿਤਕ ਪਾਇਆ ਗਿਆ ਸੀ। ਉਹ ਪੰਜ ਦਿਨਾਂ ਤੋਂ ਲਾਪਤਾ ਸੀ। ਕਾਰਬਨਡੇਲ ਵਿਚ ਅਧਿਕਾਰੀਆਂ ਨੇ ਸ਼ੁਰੂ ਵਿਚ ਉਸ ਦੀ ਹੱਤਿਆ ਨੂੰ ਭਿਆਨਕ ਹਾਦਸਾ ਦੱਸਿਆ ਸੀ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਉਸ ਸਮੇਂ ਪ੍ਰਵੀਨ ਦੀ ਮੌਤ ਦਾ ਕਾਰਨ ਹਾਈਪੋਥਰਮੀਆ ਦੱਸਿਆ ਗਿਆ ਸੀ। 
ਮੋਰਟਨ ਗ੍ਰੋਵ ਦਾ ਰਹਿਣ ਵਾਲੇ 19 ਸਾਲਾ ਵਿਦਿਆਰਥੀ ਪ੍ਰਵੀਨ ਦਾ ਪਰਿਵਾਰ ਇਹ ਕਾਰਨ ਮੰਨਣ ਨੂੰ ਤਿਆਰ ਨਹੀਂ ਸੀ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਜਾਂਚ ਲਈ ਦਬਾਅ ਪਾਇਆ ਅਤੇ ਲਾਸ਼ ਦੀ ਨਿਰਪੱਖ ਜਾਂਚ ਕਰਵਾਈ। ਇਸ ਨਿਰਪੱਖ ਜਾਂਚ ਅਤੇ ਸਥਾਨਕ ਪੋਸਟਮਾਰਟਮ ਦੀ ਰਿਪੋਰਟ ਵਿਚ ਅੰਤਰ ਸੀ। ਇਸੇ ਨੂੰ ਆਧਾਰ ਬਣਾ ਕੇ ਮ੍ਰਿਤਕ ਦੇ ਪਰਿਵਾਰ ਨੇ ਕਾਨੂੰਨੀ ਲੜਾਈ ਲੜੀ ਅਤੇ ਕਾਰਬਨਡੇਲ ਅਤੇ ਇਸ ਦੇ ਪੁਲਸ ਪ੍ਰਮੁੱਖ ਵਿਰੁੱਧ ਮੁਕੱਦਮਾ ਦਾਇਰ ਕੀਤਾ। ਵੀਰਵਾਰ ਨੂੰ ਅਦਾਲਤ ਨੇ ਦੱਖਣੀ ਇਲੀਨੋਇਸ ਦੇ ਗੇਜ ਬੈਥੂਨ ਨੂੰ ਪ੍ਰਵੀਨ ਦੀ ਹੱਤਿਆ ਦਾ ਦੋਸ਼ੀ ਪਾਇਆ। ਘਟਨਾ ਦੇ ਸਮੇਂ ਬੇਥੂਨ ਦੀ ਉਮਰ ਕਰੀਬ 19 ਸਾਲ ਸੀ। ਪ੍ਰਵੀਨ ਦੀ ਮਾਂ ਲਵਲੀ ਵਰਗੀਸ ਨੇ ਕਿਹਾ,''ਆਖਿਰਕਾਰ ਪ੍ਰਵੀਨ ਲਈ ਉਹ ਦਿਨ ਆ ਹੀ ਗਿਆ। ਹੁਣ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।'' ਮਾਮਲੇ ਵਿਚ ਹਾਲੇ ਬੇਥੂਨ ਨੂੰ ਸਜ਼ਾ ਸੁਣਾਈ ਜਾਣੀ ਬਾਕੀ ਹੈ। ਬੇਥੂਨ ਨੂੰ 20 ਤੋਂ 60 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।


Related News