'ਜੱਜ ਵੱਲੋਂ ਸਿੱਖ ਪਛਾਣ 'ਤੇ ਸਵਾਲੀਆ ਨਿਸ਼ਾਨ ਬਹੁਤ ਹੀ ਮੰਦਭਾਗਾ'

04/27/2018 4:33:50 PM

ਲੰਡਨ (ਰਾਜਵੀਰ ਸਮਰਾ)— ਵਿਸ਼ਵ ਭਰ ਵਿਚ ਦਸਤਾਰ ਸਜਾ ਕੇ ਅਤੇ ਹਰ ਖੇਤਰ ਵਿਚ ਆਪਣੀ ਸਰਦਾਰੀ ਦੀ ਧਾਕ ਜਮਾਉਣ ਵਾਲੀ ਸਿੱਖ ਕੌਮ ਦੀ ਦਸਤਾਰ 'ਤੇ ਕਿੰਤੂ ਸ਼ਬਦ ਦਾ ਇਸਤੇਮਾਲ ਸਿੱਖ ਪਛਾਣ 'ਤੇ ਸਵਾਲੀਆ ਨਿਸ਼ਾਨ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੰਘ ਸਭਾ ਦੇ ਮੈਂਬਰ ਡਾ.ਪਲਵਿੰਦਰ ਸਿੰਘ ਗਰਚਾ, ਡਾ .ਦਵਿੰਦਰ ਸਿੰਘ ਕੂਨਰ , ਭੁਪਿੰਦਰ ਸਿੰਘ ਸੋਹੀ, ਰਵਿੰਦਰ ਸਿੰਘ ਧਾਲੀਵਾਲ ਨੇ ਸੁਪਰੀਮ ਕੋਰਟ ਦੇ ਜੱਜ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਕਿ ਦੇਸ਼ ਦੀ ਸਰਵ-ਉੱਚ ਅਦਾਲਤ ਦਾ ਨਿਆ ਕਰਤਾ ਹੋਵੇ ਅਤੇ ਉਸ ਨੂੰ ਆਪਣੀ ਧਾਰਮਿਕ, ਵਿਸ਼ਵਾਸ਼ਾਂ, ਮਾਨਤਾਵਾਂ ਜਾਂ ਮਰਿਆਦਾ ਬਾਰੇ ਜਾਣਕਾਰੀ ਨਾ ਹੋਵੇ।
ਜਦੋਂ ਕਿ ਜਿਹੜੇ ਲੋਕ ਆਈ.ਪੀ.ਐਸ, ਪੀ.ਸੀ.ਐਸ, ਜਾਂ ਪਬਲਿਕ ਐਡਮਿਨੀਸਟ੍ਰੇਸ਼ਨ ਦੇ ਇਮਤਿਹਾਨ ਦੇ ਕੇ ਉੱਚ ਅਹੁਦਿਆਂ ਦੇ ਯੋਗ ਬਣਦੇ ਹਨ, ਉਸ ਪੜ੍ਹਾਈ ਦੇ ਸਲੇਬਸ ਵਿਚ ਸਮੁਚੇ ਦੇਸ਼ ਦੇ ਧਰਮਾਂ, ਇਤਿਹਾਸ, ਮਾਨਤਾਵਾਂ, ਸਮਾਜਿਕ ਸਰੋਕਾਰਾਂ ਅਤੇ ਸੱਭਿਆਚਾਰ ਬਾਰੇ ਸਭ ਕੁੱਝ ਪੜ੍ਹਾਇਆ ਜਾਂਦਾ ਹੈ। ਡਾ.ਪਲਵਿੰਦਰ ਸਿੰਘ ਗਰਚਾ ਨੇ ਕਿਹਾ ਕਿ ਹਰ ਇਕ ਧਰਮ ਦੇ ਸੋ ਫੀਸਦੀ ਲੋਕ ਆਪਣੇ ਧਾਰਮਿਕ ਰੀਤੀ-ਰਿਵਾਜ਼ਾਂ ਪ੍ਰਤੀ ਪ੍ਰਪੱਖ ਨਹੀਂ ਹੁੰਦੇ ਅਤੇ ਬਹੁਤ ਸਾਰੇ ਲੋਕ ਸਿਰਫ ਸਮਾਜਿਕ ਤਰੀਕਿਆਂ ਨਾਲ ਹੀ ਜਿੰਦਗੀ ਗੁਜਾਰਦੇ ਹਨ ਪਰ ਕਿਸੇ ਧਰਮ ਵਿਚਲੇ ਅਜਿਹੇ ਲੋਕਾਂ ਨੂੰ ਅਧਾਰ ਬਣਾ ਕੇ ਉਸ ਸਮੁੱਚੇ ਧਰਮ ਦੀਆਂ ਮਾਨਤਾਵਾਂ ਜਾਂ ਧਾਰਮਿਕ ਮਰਿਆਦਾ ਨੂੰ ਸਵਾਲਾਂ ਦੇ ਕਟਿਹਰੇ ਵਿਚ ਖੜ੍ਹਾ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਡਾ. ਦਵਿੰਦਰ ਸਿੰਘ ਕੂਨਰ ਨੇ ਕਿਹਾ ਕਿ ਜਿਸ ਤਰ੍ਹਾਂ ਹਰ ਇਕ ਸੰਵਿਧਾਨ ਦਾ ਸਤਿਕਾਰ ਅਤੇ ਉਸ ਦੀ ਪਾਲਣਾ ਕਰਨਾ ਦੇਸ਼ ਦੇ ਹਰ ਇਕ ਨਾਗਰਿਕ ਦਾ ਫਰਜ਼ ਹੁੰਦਾ ਹੈ। ਇਸੇ ਤਰ੍ਹਾਂ ਹੀ ਸਿੱਖ ਧਰਮ ਦੇ ਪੈਰੋਕਾਰਾਂ ਲਈ ਵੀ ਆਪਣੇ ਸਤਿਕਾਰਯੋਗ ਗੁਰੂ ਸਾਹਿਬਾਨ ਵੱਲੋਂ ਬਕਸ਼ੇ ਨਿਯਮਾਂ ਤਹਿਤ 'ਕੇਸਾਂ' ਦੇ ਸਤਿਕਾਰ ਅਤੇ ਸੀਸ ਦਾ ਤਾਜ 'ਦਸਤਾਰ' ਸਜਾ ਕੇ ਰੱਖਣੀ ਅਤੀ ਜਰੂਰੀ ਹੈ।


Related News