ਬੇਰਹਿਮ ਤਾਲਿਬਾਨ; ਦੋ ਪੱਤਰਕਾਰਾਂ ਦੀ ਕੀਤੀ ਕੁੱਟਮਾਰ, ਕੈਮਰੇ ਵੀ ਤੋੜੇ

Monday, Oct 25, 2021 - 11:32 AM (IST)

ਬੇਰਹਿਮ ਤਾਲਿਬਾਨ; ਦੋ ਪੱਤਰਕਾਰਾਂ ਦੀ ਕੀਤੀ ਕੁੱਟਮਾਰ, ਕੈਮਰੇ ਵੀ ਤੋੜੇ

ਕਾਬੁਲ— ਅਫ਼ਗਾਨਿਸਤਾਨ ’ਚ ਤਾਲਿਬਾਨ ਦੀ ਸਰਕਾਰ ਜਨਤਾ ’ਤੇ ਜ਼ੁਲਮ ਢਾਹ ਰਹੀ ਹੈ। ਤਾਲਿਬਾਨ ਨੇ ਹੁਣ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਹੈ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਸਥਿਤ ਤੋਰਖਮ ਕ੍ਰਾਸਿੰਗ ’ਤੇ ਤਾਲਿਬਾਨ ਦੇ ਮੈਂਬਰਾਂ ਨੇ ਦੋ ਪੱਤਰਕਾਰਾਂ ਨਾਲ ਕੁੱਟਮਾਰ ਕੀਤੀ ਹੈ, ਉਨ੍ਹਾਂ ’ਚੋਂ ਇਕ ‘ਟੋਲੋ ਨਿਊਜ਼’ ਅਤੇ ਦੂਜਾ ‘ਜਾਜ ਨਿਊਜ਼’ ਦਾ ਪੱਤਰਕਾਰ ਹੈ। ਜਾਜ ਨਿਊਜ਼ ਦੇ ਪੱਤਰਕਾਰ ਜਾਵੇਦ ਰਾਜਮੰਦ ਨੇ ‘ਦਿ ਕਿਲਿਡ ਗਰੁੱਪ ਨਿਊਜ਼ ਸਾਈਟ’ ਨੂੰ ਦੱਸਿਆ ਕਿ ਉਹ ਤੋਰਖਮ ਕ੍ਰਾਸਿੰਗ ’ਤੇ ਮੌਜੂਦਾ ਸਥਿਤੀ ਨੂੰ ਕਵਰ ਕਰਨ ਲਈ ਗਿਆ ਸੀ ਅਤੇ ਇਸ ਦੌਰਾਨ ਤਾਲਿਬਾਨ ਨੇ ਉਨ੍ਹਾਂ ਨੂੰ ਕੁੱਟਿਆ ਅਤੇ ਕੈਮਰੇ ਵੀ ਤੋੜ ਦਿੱਤੇ।

ਓਧਰ ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਪੱਤਰਕਾਰ ਸਦਾਕਤ ਘੋਰਜਾਂਗ ਨਾਲ ਤੋਰਖਮ ਕ੍ਰਾਸਿੰਗ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਸੀ ਪਰ ਸਰਹੱਦੀ ਫੋਰਸ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਕੈਮਰਾ ਤੇ ਹੋਰ ਯੰਤਰ ਨਦੀ ’ਚ ਸੁੱਟ ਦਿੱਤੇ। ਉਨ੍ਹਾਂ ਦਾ ਮੋਬਾਇਲ ਫੋਨ ਵੀ ਤੋੜ ਦਿੱਤਾ। ਪੱਤਰਕਾਰ ਨੇ ਕਿਹਾ ਕਿ ਮੈਂ ਤੋਰਖਮ ਕ੍ਰਾਸਿੰਗ ਕਮਿਸ਼ਨਰ ਨਾਲ ਗੱਲ ਕਰਨ ਮਗਰੋਂ ਇਕ ਸੁਰੱਖਿਆ ਗਾਰਡ ਨਾਲ ਰਿਪੋਰਟ ਕਰਨ ਲਈ ਤੋਰਖਮ ਗੇਟ ਕੋਲ ਗਿਆ। ਉੱਥੇ ਸਾਨੂੰ ਬਿਨਾਂ ਕਿਸੇ ਕਾਰਨ ਸਰਹੱਦ ਸੁਰਖਿਆ ਫੋਰਸ ਵਲੋਂ ਚਿਤਾਵਨੀ ਦਿੱਤੀ ਗਈ ਅਤੇ ਕੁੱਟਿਆ ਗਿਆ। ਉਨ੍ਹਾਂ ਨੇ ਮੇਰਾ ਕੈਮਰਾ ਅਤੇ ਹੋਰ ਯੰਤਰ ਨਦੀ ’ਚ ਸੁੱਟ ਦਿੱਤੇ। 

ਇਕ ਸਥਾਨਕ ਰਿਪੋਰਟ ਨੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਦੁਖੀ ਹਾਂ। ਅਸੀਂ ਇਸ ਘਟਨਾ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਅਪੀਲ ਕਰਦੇ ਹਾਂ, ਤਾਂ ਇਹ ਦੂਜਿਆਂ ਲਈ ਇਕ ਸਬਕ ਬਣ ਸਕੇ। ਇਸ ਦਰਮਿਆਨ ਪੱਤਰਕਾਰਾਂ ਖ਼ਿਲਾਫ਼ ਹਿੰਸਕ ਮਾਮਲਿਆਂ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਨਹੀਂ ਰੋਕਿਆ ਗਿਆ ਤਾਂ ਮੀਡੀਆ ਨੂੰ ਹੋਰ ਪਾਬੰਦੀਆਂ ਦਾ ਸਾਹਮਣਾ ਕਰਨਾ ਪਵੇਗਾ। ਅਜੇ ਤਕ ਇਸ ਘਟਨਾ ’ਤੇ ਕਿਸੇ ਵੀ ਸਰਕਾਰੀ ਵਿਭਾਗ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


author

Tanu

Content Editor

Related News