ਰਿਸ਼ਤੇਦਾਰਾਂ ਖਿਲਾਫ ਝੂਠਾ ਕੇਸ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲਾ ਪੱਤਰਕਾਰ ਗ੍ਰਿਫਤਾਰ
Monday, Jan 20, 2025 - 05:03 AM (IST)
ਗੁਰਦਾਸਪੁਰ/ਸਿੰਧ (ਵਿਨੋਦ) : ਪੁਲਸ ਨੇ ਕਿਹਾ ਕਿ ਪਾਕਿਸਤਾਨ ਦੇ ਸਿੰਧ ਸੂਬੇ ਦੇ ਖੈਰਪੁਰ ਜ਼ਿਲੇ ਦੇ ਇਕ ਪੱਤਰਕਾਰ ਨੇ ਆਪਣੇ ਅਗਵਾ ਦਾ ਡਰਾਮਾ ਕੀਤਾ, ਉਸ ਨੇ ਫੇਸਬੁੱਕ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ, ਜਿਸ ’ਚ ਉਸ ਨੇ ਖੁਦ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਹੋਇਆ ਦਿਖਾਇਆ। ਉਹ ਭੀਖ ਮੰਗ ਰਿਹਾ ਸੀ ਅਤੇ ਰਿਹਾਈ ਦੀ ਮੰਗ ਕਰ ਰਿਹਾ ਸੀ। ਉਸ ਨੇ ਕਿਹਾ ਕਿ ਡਾਕੂਆਂ ਨੇ 10 ਲੱਖ ਦੀ ਫਿਰੌਤੀ ਲਈ ਅਗਵਾ ਕੀਤਾ ਸੀ।
ਸਰਹੱਦ ਪਾਰ ਸੂਤਰਾਂ ਅਨੁਸਾਰ ਇਸ ਵੀਡੀਓ ਨੇ ਉੱਪਰੀ ਸਿੰਧ ਖੇਤਰ ’ਚ ਪੱਤਰਕਾਰ ਭਾਈਚਾਰੇ ’ਚ ਤਿੱਖਾ ਰੋਸ ਪੈਦਾ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਸ਼ਨੀਵਾਰ ਨੂੰ ਕਈ ਸ਼ਹਿਰਾਂ ’ਚ ਵਿਰੋਧ ਪ੍ਰਦਰਸ਼ਨ ਹੋਏ। ਅੱਜ ਇਕ ਸਾਂਝੀ ਪ੍ਰੈਸ ਕਾਨਫਰੰਸ ’ਚ ਖੈਰਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੈੱਸ.ਪੀ.) ਤੌਹੀਦ ਮੇਮਨ ਅਤੇ ਐੱਸ.ਐੱਸ.ਪੀ. ਕਸ਼ਮੀਰ ਜ਼ੁਬੈਰ ਨਜ਼ੀਰ ਸ਼ੇਖ ਨੇ ਕਿਹਾ ਕਿ ਪੁਲਸ ਨੇ ਕਸ਼ਮੀਰ ਖੇਤਰ ’ਚ ਇਕ ਮੁਹਿੰਮ ਚਲਾਈ ਅਤੇ ਪੱਤਰਕਾਰ ਨੂੰ ਬਰਾਮਦ ਕੀਤਾ।
ਐੱਸ.ਐੱਸ.ਪੀ. ਮੇਮਨ ਨੇ ਕਿਹਾ ਕਿ ਹਾਲਾਂਕਿ, ਫਯਾਜ਼ ਸੋਲੰਗੀ ਨੇ ਆਪਣੇ ਚਚੇਰੇ ਭਰਾਵਾਂ ਵਿਰੁੱਧ ਅਗਵਾ ਦੇ ਬਹਾਨੇ ਝੂਠਾ ਕੇਸ ਦਾਇਰ ਕੀਤਾ, ਜਿਨ੍ਹਾਂ ਨਾਲ ਉਸ ਦਾ ਜ਼ਮੀਨੀ ਵਿਵਾਦ ਸੀ। ਪੱਤਰਕਾਰ ਨੇ ਆਪਣੇ ਚਚੇਰੇ ਭਰਾਵਾਂ ਵਿਰੁੱਧ ਝੂਠਾ ਕੇਸ ਬਣਾਉਣ ਲਈ ਇਹ ਡਰਾਮਾ ਕੀਤਾ ਸੀ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਪੱਤਰਕਾਰ ਦੇ ਚਾਚੇ, ਮਜ਼ਹਰ ਸੋਲਾਂਗੀ ਨੂੰ ਵੀ ਇਸ ਫਰਜ਼ੀ ਅਗਵਾ ਮਾਮਲੇ ’ਚ ਮੁੱਖ ਪਾਤਰ ਵਜੋਂ ਖੈਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।