ਬ੍ਰੈਗਜ਼ਿਟ ਸਬੰਧੀ ਸੰਸਦ ਮੈਂਬਰ ਫਿਲਿਪ ਦੇ ਦਲ ਬਦਲਣ ਕਾਰਨ ਜਾਨਸਨ ਨੇ ਗੁਆਇਆ ਬਹੁਮਤ
Wednesday, Sep 04, 2019 - 01:45 AM (IST)

ਲੰਡਨ - ਯੂਰਪੀ ਸੰਘ 'ਚੋਂ ਬ੍ਰਿਟੇਨ ਦੇ ਬਾਹਰ ਨਿਕਲਣ ਲਈ ਹੋਣ ਵਾਲੀ ਅਹਿਮ ਵੋਟਿੰਗ ਤੋਂ ਪਹਿਲਾਂ ਹੀ ਕੰਜ਼ਰਵੇਟਿਵ ਪਾਰਟੀ ਦੇ ਇਕ ਸੰਸਦੀ ਮੈਂਬਰ ਦੇ ਬ੍ਰੈਗਜ਼ਿਟ ਵਿਰੋਧੀ ਲਿਬਰਲ ਡੈਮੋਕਰੇਟਿਕ ਪਾਰਟੀ 'ਚ ਸ਼ਾਮਲ ਹੋ ਜਾਣ ਨਾਲ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਗਲਵਾਰ ਨੂੰ ਸੰਸਦ 'ਚ ਆਪਣਾ ਬਹੁਮਤ ਗੁਆ ਲਿਆ। ਜਾਨਸਨ ਨੇ ਜਿਵੇਂ ਹੀ ਸਦਨ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ, ਬ੍ਰੈਕਨੇਲ ਸੰਸਦੀ ਮੈਂਬਰ ਫਿਲਿਪ ਲੀ ਵਿਰੋਧੀ ਦਲ ਦੀ ਸੀਟ 'ਤੇ ਜਾ ਕੇ ਬੈਠ ਗਏ। ਲੀ ਨੇ ਕਿਹਾ ਕਿ ਜਿਸ ਪਾਰਟੀ 'ਚ ਮੈਂ 1992 'ਚ ਸ਼ਾਮਲ ਹੋਇਆ, ਉਹ ਮੇਰੀ ਪਾਰਟੀ ਨਹੀਂ ਰਹੀ। ਮੈਂ ਅੱਜ ਉਸ ਨੂੰ ਛੱਡ ਰਿਹਾ ਹਾਂ। ਉਨ੍ਹਾਂ ਨੇ ਪੁਰਾਣੀ ਪਾਰਟੀ 'ਤੇ ਸਿਆਸੀ ਤੌਰ 'ਤੇ ਚੀਜ਼ਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ-ਨਾਲ ਧੌਂਸ ਜਮਾਉਣ ਅਤੇ ਝੂਠ ਦਾ ਸਹਾਰਾ ਲੈਣ ਦਾ ਦੋਸ਼ ਲਾਇਆ।
ਲੰਡਨ 'ਚ ਸੋਮਵਾਰ ਨੂੰ ਡਾਓਨਿੰਗ ਸਟ੍ਰੀਟ 'ਚ ਇਕ ਬਿਆਨ 'ਚ ਜਾਨਸਨ ਨੇ ਆਖਿਆ ਸੀ ਕਿ ਅਜਿਹੇ ਕੋਈ ਹਾਲਾਤ ਨਹੀਂ, ਜਿਸ 'ਚ ਉਹ 31 ਅਕਤੂਬਰ ਨੂੰ ਨਿਰਧਾਰਤ ਬ੍ਰੈਗਜ਼ਿਟ 'ਚ ਦੇਰੀ ਨੂੰ ਸਵੀਕਾਰ ਕਰਨ। ਇਹ ਬਿਆਨ ਪਹਿਲਾਂ ਨਿਰਧਾਰਤ ਨਹੀਂ ਸੀ ਅਤੇ ਇਸ ਨਾਲ ਮਿੱਡ ਟਰਮ ਚੋਣਾਂ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਇਹ ਬਿਆਨ ਵਫਦ ਦੀ ਐਮਰਜੰਸੀ ਬੈਠਕ ਤੋਂ ਬਾਅਦ ਅਜਿਹੇ ਸਮੇਂ 'ਚ ਆਇਆ ਜਦੋਂ ਸੰਸਦ ਦੇ ਵੱਖ-ਵੱਖ ਹਿੱਸੇ 31 ਅਕਤੂਬਰ ਨੂੰ ਬਿਨਾਂ ਸਮਝੌਤੇ ਦੇ ਯੂਰਪੀ ਸੰਘ (ਈ. ਯੂ.) ਤੋਂ ਬ੍ਰਿਟੇਨ ਦੇ ਬਾਹਰ ਹੋਣ ਦੀ ਯੋਜਨਾ ਨੂੰ ਬਾਧਿਤ ਕਰਨਾ ਚਾਹੁੰਦੇ ਹਨ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਸੰਸਦ ਦੀ ਬੈਠਕ ਫਿਰ ਸ਼ੁਰੂ ਹੋਈ ਹੈ।