ਜਾਨਸਨ ਨੇ ਵਿਸ਼ਵ ਨੇਤਾਵਾਂ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਵਿਰੁੱਧ ਗੱਠਜੋੜ ਬਣਾਉਣ ਲਈ ਦਿੱਤਾ ਸੱਦਾ
Monday, Mar 07, 2022 - 05:09 PM (IST)
 
            
            ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਲੰਡਨ ਦੀ ਡਾਊਨਿੰਗ ਸਟ੍ਰੀਟ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਦੀ ਮੇਜ਼ਬਾਨੀ ਕੀਤੀ। ਤਿੰਨਾਂ ਨੇ ਬ੍ਰਿਟਿਸ਼ ਆਰਮਡ ਫੋਰਸਿਜ਼ ਦੇ ਮੈਂਬਰਾਂ ਨੂੰ ਮਿਲਣ ਲਈ ਰਾਇਲ ਏਅਰ ਫੋਰਸ (ਆਰਏਐਫ) ਬੇਸ ਦਾ ਵੀ ਦੌਰਾ ਕੀਤਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਦਫਤਰ ਡਾਊਨਿੰਗ ਸਟ੍ਰੀਟ ਨੇ ਕਿਹਾ ਕਿ ਇਹ ਯੂਕ੍ਰੇਨ ਲਈ ਵਿਹਾਰਕ ਸਮਰਥਨ ਦੀ ਸ਼ੁਰੂਆਤ ਹੈ, ਨਾਲ ਹੀ "ਰੂਸੀ ਹਮਲੇ ਦੇ ਅੱਤਿਆਚਾਰ" 'ਤੇ ਵਿਸ਼ਵਵਿਆਪੀ ਗੁੱਸਾ ਜ਼ਾਹਰ ਕਰਨ ਲਈ ਵਿਸ਼ਵ ਨੇਤਾਵਾਂ ਨਾਲ "ਨਿਸ਼ਾਨਾਬੱਧ ਸ਼ਮੂਲੀਅਤ" ਨੂੰ ਦਰਸਾਉਂਦਾ ਹੈ।
ਤਿੰਨੇ ਪ੍ਰਧਾਨ ਮੰਤਰੀ ਯੂਕ੍ਰੇਨ ਦੇ ਸ਼ਹਿਰਾਂ 'ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਿੱਤੇ ਆਦੇਸ਼ 'ਤੇ ਕੀਤੇ ਜਾ ਰਹੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰੇ ਲਈ ਵੱਖ-ਵੱਖ ਦੁਵੱਲੀਆਂ ਮੀਟਿੰਗਾਂ ਅਤੇ ਇੱਕ ਸਾਂਝੀ ਤਿਕੋਣੀ ਮੀਟਿੰਗ ਵੀ ਕਰਨਗੇ। ਜਾਨਸਨ ਨੇ ਕਿਹਾ ਕਿ ਰੂਸ ਦੇ ਗੈਰ-ਕਾਨੂੰਨੀ ਅਤੇ ਬੇਰਹਿਮ ਹਮਲੇ ਤੋਂ ਬਾਅਦ ਅਸੀਂ ਦੇਖਿਆ ਹੈ ਕਿ ਦੁਨੀਆ ਯੂਕ੍ਰੇਨ ਦੇ ਅਦੁੱਤੀ ਲੋਕਾਂ ਨਾਲ ਏਕਤਾ ਵਿੱਚ ਖੜ੍ਹੀ ਹੈ। ਉਹਨਾਂ ਨੇ ਕਿਹਾ ਕਿ ਯੂਕੇ ਦੀ ਸਹਾਇਤਾ ਪਹਿਲਾਂ ਹੀ ਉਨ੍ਹਾਂ ਲੋਕਾਂ ਤੱਕ ਪਹੁੰਚ ਰਹੀ ਹੈ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੈ, ਜ਼ਰੂਰੀ ਸਪਲਾਈ ਅਤੇ ਡਾਕਟਰੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੰਗ ਦੇ ਬਾਵਜੂਦ ਚੀਨ ਨੇ ਰੂਸ ਨੂੰ ਦੱਸਿਆ ਆਪਣਾ ਮੁੱਖ "ਕੂਟਨੀਤਕ ਭਾਈਵਾਲ"
ਹਾਲਾਂਕਿ ਸਿਰਫ ਪੁਤਿਨ ਹੀ ਯੂਕ੍ਰੇਨ ਦੇ ਦੁੱਖ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਦੇ ਹਨ। ਅੱਜ ਦਾ ਨਵਾਂ ਫੰਡ ਵਿਗੜਦੀ ਮਾਨਵਤਾਵਾਦੀ ਸਥਿਤੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰਨਾ ਜਾਰੀ ਰੱਖੇਗਾ। ਉਹਨਾਂ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਬ੍ਰਿਟੇਨ ਨੇ ਕਿਹਾ ਕਿ ਉਸ ਨੇ ਰੂਸ ਦੇ ਬਿਨਾਂ ਭੜਕਾਹਟ ਅਤੇ ਗੈਰ-ਕਾਨੂੰਨੀ ਹਮਲੇ ਕਾਰਨ ਪੈਦਾ ਹੋਏ ਵਿੱਤੀ ਦਬਾਅ ਨੂੰ ਘੱਟ ਕਰਨ ਲਈ ਯੂਕ੍ਰੇਨ ਸਰਕਾਰ ਦੇ ਬਜਟ ਨੂੰ ਸਿੱਧੇ ਤੌਰ 'ਤੇ 10 ਕਰੋੜ ਅਮਰੀਕੀ ਡਾਲਰ ਦੀ ਵਾਧੂ ਰਕਮ ਅਲਾਟ ਕੀਤੀ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            