ਯੂਕ੍ਰੇਨ ਦੇ ਸਮਰਥਨ 'ਚ ਜਾਨਸਨ, ਰੂਸ 'ਤੇ ਤੇਲ, ਗੈਸ ਨਿਰਭਰਤਾ ਨੂੰ ਖ਼ਤਮ ਕਰਨ ਦੀ ਕੀਤੀ ਮੰਗ

Wednesday, Mar 16, 2022 - 01:37 PM (IST)

ਯੂਕ੍ਰੇਨ ਦੇ ਸਮਰਥਨ 'ਚ ਜਾਨਸਨ, ਰੂਸ 'ਤੇ ਤੇਲ, ਗੈਸ ਨਿਰਭਰਤਾ ਨੂੰ ਖ਼ਤਮ ਕਰਨ ਦੀ ਕੀਤੀ ਮੰਗ

ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕ੍ਰੇਨ 'ਤੇ ਜੰਗ ਦੇ ਵਿਰੋਧ ਵਿਚ ਰੂਸ ਖ਼ਿਲਾਫ਼ ਅੰਤਰਰਾਸ਼ਟਰੀ ਗਠਜੋੜ ਬਣਾਉਣ ਅਤੇ ਉਸ ਦੇ ਤੇਲ ਅਤੇ ਗੈਸ ਦੇ ਨਿਰਯਾਤ 'ਤੇ ਨਿਰਭਰਤਾ ਖ਼ਤਮ ਕਰਨ ਦੀ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਕੋਸ਼ਿਸ਼ ਦੇ ਹਿੱਸੇ ਵਜੋਂ ਉਹ ਬੁੱਧਵਾਰ ਨੂੰ ਖਾੜੀ ਖੇਤਰ ਦਾ ਦੌਰਾ ਸ਼ੁਰੂ ਕਰਨਗੇ। ਜਾਨਸਨ ਊਰਜਾ, ਖੇਤਰੀ ਸੁਰੱਖਿਆ ਅਤੇ ਮਾਨਵਤਾਵਾਦੀ ਰਾਹਤ 'ਤੇ ਗੱਲਬਾਤ ਲਈ ਆਬੂ ਧਾਬੀ ਅਤੇ ਰਿਆਦ ਵਿੱਚ ਨੇਤਾਵਾਂ ਨੂੰ ਮਿਲਣਗੇ। 

ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਅੱਜ ਅਮਰੀਕੀ ਸੰਸਦ 'ਚ ਕਰਨਗੇ ਸੰਬੋਧਨ, ਕਰਨਗੇ ਮਦਦ ਦੀ ਅਪੀਲ 

ਡਾਊਨਿੰਗ ਸਟ੍ਰੀਟ ਨੇ ਇਸ ਗੱਲਬਾਤ ਨੂੰ ਯੂਕ੍ਰੇਨ ਦੇ ਸੰਕਟ 'ਤੇ ਵਿਸ਼ਵਵਿਆਪੀ ਕਾਰਵਾਈ ਲਈ ਪ੍ਰੇਰਿਤ ਕਰਨ ਦੀ ਬ੍ਰਿਟੇਨ ਦੀ ਕੋਸ਼ਿਸ਼ ਦੱਸਿਆ। ਨੇਤਾਵਾਂ ਤੋਂ ਰੂਸ-ਯੂਕ੍ਰੇਨ ਸੰਕਟ ਦੇ ਦੌਰਾਨ ਊਰਜਾ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਵਿਸ਼ਵ ਊਰਜਾ ਅਤੇ ਭੋਜਨ ਦੀਆਂ ਕੀਮਤਾਂ ਵਿੱਚ ਅਸਥਿਰਤਾ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ। ਜਾਨਸਨ ਨੇ ਦੌਰੇ ਤੋਂ ਪਹਿਲਾਂ ਕਿਹਾ ਕਿ ਰਾਸ਼ਟਰਪਤੀ ਪੁਤਿਨ ਦੁਆਰਾ ਯੂਕ੍ਰੇਨ 'ਤੇ ਬੇਰਹਿਮੀ ਅਤੇ ਬਿਨਾਂ ਭੜਕਾਹਟ ਦੇ ਜੋ ਹਮਲਾ ਕੀਤਾ ਗਿਆ ਹੈ ਉਸ ਦੇ ਦੁਨੀਆ ਭਰ, ਯੂਰਪ ਦੀਆਂ ਸਰਹੱਦਾਂ ਤੋਂ ਬਾਹਰ ਦੂਰਗਾਮੀ ਨਤੀਜੇ ਹੋਣਗੇ। ਉਹਨਾਂ ਨੇ ਕਿਹਾ ਕਿ ਬ੍ਰਿਟੇਨ ਨਵੀਂ ਵਾਸਤਵਿਕਤਾ ਨਾਲ ਨਜਿੱਠਣ ਲਈ ਇਕ ਅੰਤਰਰਾਸ਼ਟਰੀ ਗਠਜੋੜ ਬਣਾ ਰਿਹਾ ਹੈ। ਦੁਨੀਆ ਨੂੰ ਹਾਈਡਰੋਕਾਰਬਨ ਅਤੇ ਤੇਲ ਅਤੇ ਗੈਸ ਲਈ ਰੂਸ 'ਤੇ ਨਿਰਭਰਤਾ ਘੱਟ ਕਰਨੀ ਚਾਹੀਦੀ ਹੈ। ਇਸ ਕੋਸ਼ਿਸ਼ ਵਿਚ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਮਹੱਤਵਪੂਰਨ ਅੰਤਰਰਾਸ਼ਟਰੀ ਭਾਈਵਾਲ ਹਨ। ਅਸੀਂ ਖੇਤਰੀ ਸੁਰੱਖਿਆ, ਮਾਨਵਤਾਵਾਦੀ ਰਾਹਤ ਯਤਨਾਂ ਲਈ ਸਮਰਥਨ ਅਤੇ ਗਲੋਬਲ ਊਰਜਾ ਬਾਜ਼ਾਰ ਨੂੰ ਸਥਿਰ ਕਰਨ ਲਈ ਲੰਬੇ ਸਮੇਂ ਵਿੱਚ ਉਹਨਾਂ ਦੇ ਨਾਲ ਕੰਮ ਕਰਾਂਗੇ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦੇ ਫ਼ੈਸਲੇ ਤੋਂ ਖ਼ਫ਼ਾ ਰੂਸ, ਟਰੂਡੋ ਸਮੇਤ 300 ਤੋਂ ਵਧੇਰੇ ਸਾਂਸਦਾਂ 'ਤੇ ਲਗਾਈ ਪਾਬੰਦੀ

ਜਾਨਸਨ ਸੰਯੁਕਤ ਅਰਬ ਅਮੀਰਾਤ ਵਿੱਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਨਾਲ ਗੱਲਬਾਤ ਕਰਨਗੇ ਅਤੇ ਇਸ ਮਗਰੋਂ ਸਾਊਦੀ ਅਰਬ ਵਿੱਚ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕਰਨਗੇ। ਇਸ ਦੌਰੇ ਦਾ ਉਦੇਸ਼ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸ਼ਾਸਨ 'ਤੇ ਕੂਟਨੀਤਕ ਅਤੇ ਆਰਥਿਕ ਦਬਾਅ ਵਧਾਉਣ ਲਈ ਮਿਲ ਕੇ ਕੰਮ ਕਰਨ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News