ਮੌਤਾਂ ਦੇ ਮਾਮਲੇ ''ਚ ਵਿਸ਼ਵ ਯੁੱਧ ਨਾਲੋਂ ਭਿਆਨਕ ਕੋਰੋਨਾ ਵਾਇਰਸ : ਬਾਈਡੇਨ
Friday, Mar 12, 2021 - 06:32 PM (IST)
ਵਾਸ਼ਿੰਗਟਨ (ਬਿਊਰੋ): ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨੇ ਗਲੋਬਲ ਪੱਧਰ 'ਤੇ ਤਬਾਹੀ ਮਚਾਈ ਹੋਈ ਹੈ। ਇਸ ਮਹਾਮਾਰੀ ਨਾਲ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਮਰੀਕਾ ਦੇ ਇਸ ਬੁਰੇ ਦੌਰ ਬਾਰੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਪ੍ਰਤੀਕਿਰਿਆ ਦਿੱਤੀ ਹੈ। ਬਾਈਡੇਨ ਨੇ ਕੋਰੋਨਾ ਵਾਇਰਸ ਮਹਾਮਾਰੀ ਸੰਬੰਧੀ ਪਹਿਲੀ ਵਾਰ ਦੇਸ਼ ਨੂੰ ਸੰਬੋਧਿਤ ਕੀਤਾ ਹੈ। ਸੰਬੋਧਨ ਵਿਚ ਬਾਈਡੇਨ ਨੇ ਕਿਹਾ ਕਿ ਇਕ ਸਾਲ ਤੋਂ ਜਾਰੀ ਕੋਰੋਨਾ ਵਾਇਰਸ ਨੇ ਸਾਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ।
ਬਾਈਡੇਨ ਮੁਤਾਬਕ, ਇਹ ਵਾਇਰਸ ਬਹੁਤ ਹੀ ਖਾਮੋਸ਼ੀ ਨਾਲ ਆਇਆ ਅਤੇ ਸਾਰਿਆਂ ਵਿਚ ਫੈਲ ਗਿਆ। ਕੁਝ ਦਿਨਾਂ ਹਫ਼ਤਿਆਂ ਅਤੇ ਮਹੀਨਿਆਂ ਤੱਕ ਅਸੀਂ ਇਸ ਸਥਿਤੀ ਨੂੰ ਟਾਲਦੇ ਰਹੇ, ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਲਾਪਰਵਾਹੀ ਕਾਰਨ ਬਹੁਤ ਸਾਰੀਆਂ ਮੌਤਾਂ ਹੋ ਗਈਆਂ। ਸਾਡੇ ਵਿਚੋਂ ਕਈਆਂ ਨੇ ਆਪਣੇ ਪਿਆਰਿਆਂ ਨੂੰ ਗਵਾ ਦਿੱਤਾ। ਇਸ ਵਾਇਰਸ ਨੇ ਨਾ ਸਿਰਫ ਲੋਕਾਂ ਦੀ ਜਾਨ ਲਈ ਸਗੋਂ ਇਸ ਨੇ ਹਰੇ ਕਿਸੇ ਤੋਂ ਕੁਝ ਨਾ ਕੁਝ ਖੋਹਿਆ, ਵਾਇਰਸ ਨੇ ਸਾਨੂੰ ਹਰ ਪੱਖੋਂ ਨੁਕਸਾਨ ਪਹੁੰਚਾਇਆ।
ਅਮਰੀਕਾ ਦੀ ਤਾਜ਼ਾ ਸਥਿਤੀ
ਬਾਈਡੇਨ ਨੇ ਕਿਹਾ ਕਿ ਮੈਂ ਇਹ ਜਾਣਦਾ ਹਾਂ ਕਿ ਇਹ ਬਹੁਤ ਮੁਸ਼ਕਲ ਅਤੇ ਦੁਖਦਾਈ ਸਮਾਂ ਹੈ। ਮੇਰੀ ਜੇਬ ਵਿਚ ਇਕ ਕਾਰਡ ਹੈ ਜਿਸ ਵਿਚ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ ਹੈ। ਇਹ ਲੋਕ ਕੋਵਿਡ-19 ਕਾਰਨ ਮਾਰੇ ਗਏ। ਹੁਣ ਤੱਕ ਅਮਰੀਕਾ ਵਿਚ ਕੁੱਲ 527,726 ਮੌਤਾਂ ਹੋਈਆਂ ਹਨ ਜੋ ਪਹਿਲੇ ਵਿਸ਼ਵ ਯੁੱਧ, ਦੂਜੇ ਵਿਸ਼ਵ ਯੁੱਧ, ਵੀਅਤਨਾਮ ਯੁੱਧ ਅਤੇ 9/11 ਤੋਂ ਵੱਧ ਹਨ। ਚੰਗੀ ਗੱਲ ਇਹ ਹੈ ਕਿ ਅਸੀਂ ਸਾਰੇ ਇਸ ਦਾ ਨਾਲ ਲੜ ਪਾਏ ਹਾਂ ਅਤੇ ਲੜ ਰਹੇ ਹਾਂ। ਬਾਈਡੇਨ ਨੇ ਕਿਹਾ ਕਿ ਅਮਰੀਕਾ ਵਿਚ ਸਾਰੇ ਬਾਲਗਾਂ ਨੂੰ 1 ਮਈ ਤੱਕ ਵੈਕਸੀਨ ਦੇ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਸਰਕਾਰ ਵੱਲੋਂ ਹਵਾਬਾਜ਼ੀ ਅਤੇ ਘਰੇਲੂ ਸੈਰ-ਸਪਾਟੇ ਲਈ ਰਾਹਤ ਪੈਕੇਜ ਦਾ ਐਲਾਨ
ਜ਼ਿਕਰਯੋਗ ਹੈ ਕਿ ਬਾਈਡੇਨ ਨੇ ਬੀਤੇ ਦਿਨ 1900 ਅਰਬ ਡਾਲਰ ਦੀ ਅਮਰੀਕੀ ਰਾਹਤ ਯੋਜਨਾ 'ਤੇ ਦਸਤਖ਼ਤ ਕੀਤੇ ਹਨ। ਇਸ ਰਾਹਤ ਪੈਕੇਜ ਨਾਲ ਕੋਰੋਨਾ ਵਾਇਰਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ, ਕਾਰੋਬਾਰੀਆਂ ਨੂੰ ਮਦਦ ਮਿਲੇਗੀ ਅਤੇ ਅਰਥਵਿਵਸਥਾ ਨੂੰ ਉਤਸ਼ਾਹ ਮਿਲੇਗਾ। ਬਾਈਡੇਨ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਇਸ ਲੜਾਈ ਵਿਚ ਸਫਲ ਹੋਵਾਂਗੇ।ਇਸ ਰਾਹਤ ਪੈਕੇਜ ਦਾ ਨਾਮ 'ਅਮੇਰਿਕਨ ਰੇਸਕਿਊ ਪਲਾਨ ਐਕਟ 2021' ਹੈ। ਇਸ ਵਿਚ 1400 ਡਾਲਰ ਦੀ ਆਰਥਿਕ ਮਦਦ ਦਿੱਤੀ ਜਾਵੇਗੀ। ਇਹ ਮਦਦ ਉਹਨਾਂ ਲੋੜਵੰਦਾਂ ਨੂੰ ਮਿਲੇਗੀ ਜੋ ਕੋਰੋਨਾ ਕਾਰਨ ਆਰਥਿਕ ਤੌਰ 'ਤੇ ਬਰਬਾਦ ਹੋ ਚੁੱਕੇ ਹਨ। ਇੱਥੇ ਦੱਸ ਦਈਏ ਕਿ ਇਸ ਪੈਕੇਜ ਵਿਚ 350 ਬਿਲੀਅਨ ਡਾਲਰ ਦਾ ਹਿੱਸਾ ਸਟੇਟ ਅਤੇ ਸਥਾਨਕ ਸਰਕਾਰ ਲਈ ਹੈ। ਲੋਕਾਂ ਦੇ ਖਾਤੇ ਵਿਚ ਇਕ ਹਫ਼ਤੇ ਅੰਦਰ ਇਹ ਰਾਸ਼ੀ ਪਹੁੰਚ ਜਾਵੇਗੀ।
ਨੋਟ- ਬਾਈਡੇਨ ਨੇ ਕੋਰੋਨਾ ਵਾਇਰਸ 'ਤੇ ਪਹਿਲੀ ਵਾਰ ਕੀਤਾ ਸੰਬੋਧਿਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।