ਬਾਈਡੇਨ ਦਾ ਵੱਡਾ ਐਲਾਨ, ਵਿਦਿਆਰਥੀਆਂ ਦੇ ਕਰਜ਼ੇ ਹੋਣਗੇ ਮੁਆਫ਼
Thursday, Aug 25, 2022 - 06:25 PM (IST)
ਵਾਸ਼ਿੰਗਟਨ (ਬਿਊਰੋ) ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਐਲਾਨ ਮੁਤਾਬਕ ਜਿਹੜੇ ਵਿਦਿਆਰਥੀਆਂ ਦੀ ਸਾਲਾਨਾ ਆਮਦਨ 1,25,000 ਡਾਲਰ ਤੋਂ ਘੱਟ ਹੈ, ਉਹਨਾਂ ਦੇ ਸਟੂਡੈਂਟ ਲੋਨ ਮੁਆਫ਼ ਕੀਤੇ ਜਾਣਗੇ। ਵਿਦਿਆਰਥੀ ਕਰਜ਼ਿਆਂ ਨੂੰ ਘਟਾਉਣਾ ਬਾਈਡੇਨ ਪ੍ਰਸ਼ਾਸਨ ਦਾ ਇੱਕ ਵੱਡਾ ਚੋਣ ਵਾਅਦਾ ਸੀ।ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਟਵੀਟ ਕੀਤਾ ਕਿ ਮੈਂ ਚੋਣਾਂ 'ਚ ਕੀਤੇ ਵਾਅਦੇ ਨੂੰ ਪੂਰਾ ਕਰਨ ਜਾ ਰਿਹਾ ਹਾਂ। ਅਸੀਂ ਮੱਧ ਵਰਗ ਨੂੰ ਕੁਝ ਰਾਹਤ ਦੇਣ ਲਈ ਜਨਵਰੀ 2023 ਵਿੱਚ ਕੁਝ ਅਮਰੀਕੀ ਵਿਦਿਆਰਥੀ ਦੇ ਕਰਜ਼ੇ ਮੁਆਫ ਜਾਂ ਉਹਨਾਂ ਵਿਚ ਕਟੌਤੀ ਕਰਨ ਜਾ ਰਹੇ ਹਾਂ।
ਵਿਦਿਆਰਥੀ ਲੋਨ ਵਿੱਚ ਰਾਹਤ ਲਈ ਹਨ ਇਹ ਸ਼ਰਤਾਂ
‘ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਵਿਦਿਆਰਥੀ ਕਰਜ਼ਾ ਮੁਆਫ਼ੀ ਦਾ ਐਲਾਨ ਕੁਝ ਸ਼ਰਤਾਂ ਨਾਲ ਕੀਤਾ ਗਿਆ ਹੈ। ਜੇਕਰ ਤੁਸੀਂ ਪੇਲ ਗ੍ਰਾਂਟ 'ਤੇ ਕਾਲਜ ਗਏ ਸੀ, ਤਾਂ ਤੁਹਾਨੂੰ 20,000 ਡਾਲਰ ਦੀ ਛੋਟ ਮਿਲੇਗੀ। ਜੇਕਰ ਤੁਸੀਂ ਪੇਲ ਗ੍ਰਾਂਟ ਦਾ ਲਾਭ ਨਹੀਂ ਲਿਆ ਤਾਂ ਤੁਹਾਨੂੰ ਸਿਰਫ਼ 10,000 ਡਾਲਰ ਦੀ ਹੀ ਛੋਟ ਮਿਲੇਗੀ। ਇਸ 'ਤੇ ਵੀ ਇਹ ਛੋਟ ਉਨ੍ਹਾਂ ਲੋਕਾਂ ਨੂੰ ਹੀ ਮਿਲੇਗੀ, ਜਿਨ੍ਹਾਂ ਦੀ ਸਾਲਾਨਾ ਆਮਦਨ 1,25,000 ਡਾਲਰ ਤੋਂ ਘੱਟ ਹੈ।
ਦਸੰਬਰ 2022 ਤੱਕ ਕਰਜ਼ੇ ਦੀ ਮੁੜ ਅਦਾਇਗੀ ਵਿੱਚ ਕਟੌਤੀ ਦਾ ਐਲਾਨ
ਇਸ ਦੇ ਨਾਲ ਹੀ ਬਾਈਡੇਨ ਪ੍ਰਸ਼ਾਸਨ ਨੇ ਦਸੰਬਰ 2022 ਤੱਕ ਕਰਜ਼ੇ ਦੀ ਅਦਾਇਗੀ ਨੂੰ ਘਟਾ ਦਿੱਤਾ ਹੈ। 31 ਦਸੰਬਰ 2022 ਤੱਕ ਕੋਈ ਕਰਜ਼ਾ ਨਹੀਂ ਦੇਣਾ ਪਵੇਗਾ। ਇਸ ਤੋਂ ਬਾਅਦ ਵੀ ਜੇਕਰ ਤੁਸੀਂ ਲੋਨ ਜਮਾਂ ਕਰਦੇ ਹੋ ਤਾਂ ਉਸ ਲੋਨ 'ਤੇ ਤੁਹਾਨੂੰ ਆਪਣੀ ਆਮਦਨ ਦਾ ਸਿਰਫ 5 ਫੀਸਦੀ ਹੀ ਜਮਾਂ ਕਰਨਾ ਹੋਵੇਗਾ। ਮਤਲਬ ਜੇਕਰ ਤੁਹਾਡੀ ਆਮਦਨ 100 ਰੁਪਏ ਪ੍ਰਤੀ ਮਹੀਨਾ ਹੈ, ਤਾਂ ਤੁਹਾਨੂੰ ਸਿਰਫ 5 ਰੁਪਏ ਦੀ ਲੋਨ ਦੀ ਕਿਸ਼ਤ ਜਮਾਂ ਕਰਨੀ ਪਵੇਗੀ।
Under the Biden Administration’s student debt plan, up to 43 million borrowers earning less than $125,000 a year will benefit from targeted debt relief. And, up to 20 million borrowers will have their loans fully cancelled. pic.twitter.com/BDPqDIKRaN
— The White House (@WhiteHouse) August 25, 2022
43 ਮਿਲੀਅਨ ਤੋਂ ਵੱਧ ਅਮਰੀਕੀਆਂ ਕੋਲ ਵਿਦਿਆਰਥੀ ਕਰਜ਼ੇ
ਅੰਕੜਿਆਂ ਦੇ ਅਨੁਸਾਰ 43 ਮਿਲੀਅਨ ਤੋਂ ਵੱਧ ਅਮਰੀਕੀਆਂ ਕੋਲ ਵਿਦਿਆਰਥੀ ਕਰਜ਼ੇ ਹਨ, ਜਿਸ ਵਿਚ ਲਗਭਗ ਇੱਕ ਤਿਹਾਈ 10,000 ਅਮਰੀਕੀ ਡਾਲਰ ਤੋਂ ਘੱਟ ਅਤੇ ਅੱਧੇ ਤੋਂ ਵੱਧ 20,000 ਅਮਰੀਕੀ ਡਾਲਰ ਤੋਂ ਘੱਟ ਹਨ। ਇਸ ਦੇ ਨਾਲ ਹੀ ਕੋਰੋਨਾ ਕਾਲ ਦੌਰਾਨ ਕਰਜ਼ੇ ਦੀਆਂ ਕੁਝ ਅਦਾਇਗੀਆਂ ਨੂੰ ਰੋਕ ਦਿੱਤਾ ਗਿਆ ਸੀ। ਕਰਜ਼ਾ ਰਾਹਤ ਦਾ ਐਲਾਨ ਕਰਨ ਲਈ ਬਾਈਡੇਨ ਪ੍ਰਸ਼ਾਸਨ ਨੇ ਰਾਸ਼ਟਰਪਤੀ ਦੇ ਗ੍ਰਹਿ ਰਾਜ ਦੇ ਸਕੂਲਾਂ ਨੂੰ ਚੁਣਿਆ ਸੀ ਪਰ ਬਾਅਦ ਵਿੱਚ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਵਾਲੀ ਗੱਲ, ਕੈਨੇਡਾ 'ਚ 7 ਲੱਖ 63 ਹਜ਼ਾਰ ਲੋਕਾਂ ਦੀ ਮਾਂ ਬੋਲੀ 'ਪੰਜਾਬੀ'
ਸਿਆਸੀ ਨੁਕਸਾਨ ਦਾ ਡਰ
ਦੂਜੇ ਪਾਸੇ ਬਾਈਡੇਨ ਨੂੰ ਪਹਿਲਾਂ ਵਿਦਿਆਰਥੀ ਲੋਨ ਰਾਹਤ ਤੋਂ ਰਾਜਨੀਤਿਕ ਨੁਕਸਾਨ ਦਾ ਡਰ ਸੀ, ਕਿਉਂਕਿ ਉਸਨੇ ਚੋਣਾਂ ਵਿੱਚ ਵਧੇਰੇ ਪ੍ਰਗਤੀਸ਼ੀਲ ਐਲਿਜ਼ਾਬੈਥ ਵਾਰੇਨ ਅਤੇ ਬਰਨੀ ਸੈਂਡਰਜ਼ ਦਾ ਸਾਹਮਣਾ ਕੀਤਾ ਸੀ। ਦੋਵਾਂ ਨੇ 2020 ਵਿੱਚ 50,000 ਅਮਰੀਕੀ ਡਾਲਰ ਜਾਂ ਇਸ ਤੋਂ ਵੱਧ ਦੇ ਕਰਜ਼ੇ ਨੂੰ ਰੱਦ ਕਰਨ ਦਾ ਪ੍ਰਸਤਾਵ ਦਿੱਤਾ ਸੀ। ਇਸ ਦੇ ਨਾਲ ਹੀ ਚੋਣਾਂ ਦੌਰਾਨ ਬਾਈਡੇਨ ਨੇ ਆਮਦਨੀ ਦੀ ਸੀਮਾ ਨਿਰਧਾਰਤ ਕੀਤੇ ਬਿਨਾਂ ਹਰੇਕ ਕਰਜ਼ਾ ਲੈਣ ਵਾਲੇ ਅਮਰੀਕੀ ਨੂੰ 10,000 ਡਾਲਰ ਤੱਕ ਦੇ ਕਰਜ਼ੇ ਨੂੰ ਰੱਦ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।