ਜੋਅ ਬਾਈਡੇਨ ਨੇ ਕ੍ਰਿਸਟੀਨ ਵਰਮੂਥ ਨੂੰ ਸੈਨਾ ਸਕੱਤਰ ਵਜੋਂ ਕੀਤਾ ਨਾਮਜ਼ਦ
Wednesday, Apr 14, 2021 - 11:46 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਰਾਸ਼ਟਰਪਤੀ ਜੋਅ ਬਾਈਡੇਨ ਨੇ ਕ੍ਰਿਸਟੀਨ ਵਰਮੂਥ ਨੂੰ ਸੈਨਾ ਸਕੱਤਰ ਵਜੋਂ ਸੇਵਾਵਾਂ ਦੇਣ ਲਈ ਨਾਮਜ਼ਦ ਕੀਤਾ ਹੈ, ਜੋ ਕਿ ਇਸ ਅਹੁਦੇ 'ਤੇ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੋਵੇਗੀ।
ਵਰਮੂਥ ਦਾ ਨਾਮ ਸੋਮਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਐਲਾਨੀਆਂ ਨਾਮਜ਼ਦਗੀਆਂ ਦੀ ਸੂਚੀ ਵਿਚ ਸ਼ਾਮਲ ਸੀ। ਰੱਖਿਆ ਸਕੱਤਰ ਲੋਇਡ ਅਸਟਿਨ ਅਨੁਸਾਰ ਵਿਦੇਸ਼ੀ ਅਤੇ ਘਰੇਲੂ ਦੁਸ਼ਮਣਾਂ ਤੋਂ ਆਪਣੇ ਦੇਸ਼ ਨੂੰ ਬਚਾਉਣ ਲਈ ਦੇਸ਼ ਦੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਅਤੇ ਫੌਜਾਂ ਨੂੰ ਭਾਰੀ ਚੁਣੌਤੀਆਂ ਦੀ ਡੂੰਘੀ ਸਮਝ ਦੀ ਲੋੜ ਹੈ ਅਤੇ ਰਾਸ਼ਟਰਪਤੀ ਦੀਆਂ ਨਾਮਜ਼ਦਗੀਆਂ ਉਸ ਟੀਮ ਨੂੰ ਬਣਾਉਣ ਵਿਚ ਸਹਾਇਤਾ ਕਰਨਗੀਆਂ। ਵਰਮੂਥ ਇਸ ਤੋਂ ਪਹਿਲਾਂ ਰਾਸ਼ਟਰੀ ਸੁੱਰਖਿਆ ਪਰਿਸ਼ਦ ਵਿਚ ਅਤੇ ਫਿਰ ਓਬਾਮਾ ਪ੍ਰਸ਼ਾਸਨ ਵਿਚ ਸੈਕਟਰੀ ਆਫ ਡਿਫੈਂਸ ਦੇ ਅੰਡਰ ਸੇਵਾ ਨਿਭਾ ਚੁੱਕੀ ਹੈ।
ਰੋਡ ਆਈਲੈਂਡ ਦੇ ਸੈਨੇਟਰ ਜੈਕ ਰੀਡ, ਜੋ ਸੈਨੇਟ ਆਰਮਡ ਸਰਵੀਸਿਜ਼ ਕਮੇਟੀ ਦੇ ਚੇਅਰਮੈਨ ਹਨ, ਨੇ ਇਕ ਬਿਆਨ ਵਿਚ ਇਸ ਨਾਮਜ਼ਦਗੀ ਦੀ ਪ੍ਰਸ਼ੰਸਾ ਕੀਤੀ ਹੈ। ਵ੍ਹਾਈਟ ਹਾਊਸ ਵੱਲੋਂ ਮੰਗਲਵਾਰ ਨੂੰ ਐਲਾਨ ਕੀਤੇ ਗਏ ਹੋਰ ਰੱਖਿਆ ਵਿਭਾਗ ਦੇ ਨਾਮਜ਼ਦ ਵਿਅਕਤੀਆਂ ਵਿਚ ਗਿਲ ਸਿਸਨੇਰੋਸ ਨੂੰ ਸੁਰੱਖਿਆ, ਅਮਲੇ ਅਤੇ ਤਿਆਰੀ ਦਾ ਅੰਡਰ ਸਕੱਤਰ ਅਤੇ ਲਾਗਤ ਮੁਲਾਂਕਣ ਅਤੇ ਪ੍ਰੋਗਰਾਮ ਮੁਲਾਂਕਣ ਦੇ ਡਾਇਰੈਕਟਰ ਲਈ ਸੁਸਾਨਾ ਬਲਿਊਮ ਸ਼ਾਮਲ ਹਨ।