ਬਾਈਡੇਨ ਨੇ ਡੋਨਾਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਪਾਲਿਸੀ ਨੂੰ ਪਲਟਣ ਲਈ ਕੀਤੇ ਦਸਤਖ਼ਤ

Thursday, Feb 04, 2021 - 06:01 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹਨਾਂ ਨੇ ਤਿੰਨ ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕੀਤੇ ਹਨ ਜੋ ਸਾਬਕਾ ਟਰੰਪ ਪ੍ਰਸ਼ਾਸਨ ਦੀਆਂ ਉਹਨਾਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਨੂੰ ਪਲਟ ਦੇਣਗੇ ਜਿਹਨਾਂ ਨੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਇਹ ਆਦੇਸ਼ 'ਨਿਰਪੱਖ, ਵਿਵਸਥਿਤ ਅਤੇ ਮਨੁੱਖੀ' ਕਾਨੂੰਨੀ ਇਮੀਗ੍ਰੇਸ਼ਨ ਪ੍ਰਣਾਲੀ ਯਕੀਨੀ ਕਰਨਗੇ। ਮੌਜੂਦਾ ਨੀਤੀਆਂ ਦੀ ਸਮੀਖਿਆ ਬਾਈਡੇਨ ਪ੍ਰਸ਼ਾਸਨ ਦੇ 60 ਤੋਂ 180 ਦਿਨਾਂ ਦੇ ਨਿਰਧਾਰਤ ਕਾਰਜਕਾਰੀ ਏਜੰਡੇ ਦਾ ਹਿੱਸਾ ਹਨ, ਜਿਸ ਨਾਲ ਅਮਰੀਕਾ ਵਿਚ ਆਪਣਾ ਭਵਿੱਖ ਲੱਭ ਰਹੇ ਹਜ਼ਾਰਾਂ ਭਾਰਤੀ ਪੇਸ਼ੇਵਰਾਂ ਨੂੰ ਲਾਭ ਹੋਵੇਗਾ। 

ਬਾਈਡੇਨ ਨੇ ਕਹੀ ਇਹ ਗੱਲ
ਬਾਈਡੇਨ ਨੇ ਇਹਨਾਂ ਆਦੇਸ਼ਾਂ ਦੇ ਸੰਬੰਧ ਵਿਚ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਕਿਹਾ,''ਮੈਂ ਨਵੇਂ ਕਾਨੂੰਨ ਨਹੀਂ ਬਣਾ ਰਿਹਾ ਸਗੋਂ ਮੈਂ ਬੁਰੀ ਨੀਤੀ ਦਾ ਖਾਤਮਾ ਕਰ ਰਿਹਾ ਹਾਂ।'' ਇਸ ਦੌਰਾਨ ਉਹਨਾਂ ਨਾਲ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਗ੍ਰਹਿ ਸੁਰੱਖਿਆ ਮੰਤਰੀ ਅਲੈਜਾਂਦਰੋ ਮੇਅਰਕਸ ਵੀ ਮੌਜੂਦ ਸਨ। ਬਾਈਡੇਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਕੋਲ ਨਿਰਪੱਖ, ਵਿਵਸਥਿਤ ਅਤੇ ਮਨੁੱਖੀ ਕਾਨੂੰਨ ਇਮੀਗ੍ਰੇਸ਼ਨ ਪ੍ਰਣਾਲੀ ਹੋਣ ਨਾਲ ਦੇਸ਼ ਵੱਧ ਮਜ਼ਬੂਤ, ਸੁਰੱਖਿਅਤ ਅਤੇ ਸੰਪੰਨ ਹੋਵੇਗਾ ਅਤੇ ਇਸ ਨਾਲ ਸਰਹੱਦਾਂ ਦਾ ਬਿਹਤਰ ਪ੍ਰਬੰਧਨ ਹੋਵੇਗਾ। ਉਹਨਾਂ ਨੇ ਕਿਹਾ ਕਿ ਕਾਰਜਕਾਰੀ ਆਦੇਸ਼ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਉਹਨਾਂ ਕਦਮਾਂ ਨੂੰ ਸਮਰਥਨ ਦੇਣ 'ਤੇ ਕੇਂਦਰਿਤ ਹੈ ਜੋ ਉਹਨਾਂ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਲੋਕਾਂ ਦੀਆਂ ਇੱਛਾਵਾਂ ਦੀ ਰੱਖਿਆ ਕਰਨ ਅਤੇ ਮੁਸਲਮਾਨਾਂ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਲਈ ਚੁੱਕੇ ਸਨ।

ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਦਾ ਕਹਿਰ : ਯੂਕੇ 'ਚ ਕੇਸਾਂ 'ਚ ਗਿਰਾਵਟ ਦੇ ਨਾਲ ਹੋਈਆਂ 1322 ਹੋਰ ਮੌਤਾਂ 

ਬਾਈਡੇਨ ਨੇ ਤਿੰਨ ਵਿਚੋਂ ਇਕ ਕਾਰਜਕਾਰੀ ਆਦੇਸ਼ ਵਿਚ ਕਿਹਾ ਹੈ ਕਿ ਸੰਘੀ ਸਰਕਾਰ ਨੂੰ ਅਜਿਹੀਆਂ ਚੰਗੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਜੋ ਏਕੀਕਰਨ, ਸ਼ਮੂਲੀਅਤ ਅਤੇ ਨਾਗਰਿਕਤਾ ਨੂੰ ਵਧਾਵਾ ਦਿੰਦੀਆਂ ਹੋਣ ਅਤੇ ਇਹਨਾਂ ਵਿਚ ਦੇਸ਼ ਦੇ ਲੋਕਤੰਤਰ ਵਿਚ ਸਾਰਿਆਂ ਦੀ ਹਿੱਸੇਦਾਰੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਰਾਸ਼ਟਰ ਨੂੰ ਸ਼ਰਮਿੰਦਾ ਕਰਨ ਵਾਲੇ ਸਾਬਕਾ ਪ੍ਰਸ਼ਾਸਨ ਦੇ ਉਹਨਾਂ ਕਦਮਾਂ ਨੂੰ ਪਲਟਣ ਜਾ ਰਹੇ ਹਾਂ ਜਿਹਨਾਂ ਨੇ ਬਾਰਡਰ 'ਤੇ ਇਕ ਤਰ੍ਹਾਂ ਨਾਲ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ, ਮਾਤਾ-ਪਿਤਾ ਤੋਂ ਦੂਰ ਕਰ ਦਿੱਤਾ ਸੀ।

ਅਮਰੀਕੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੀ ਕੋਸ਼ਿਸ਼ ਦੇ ਤਹਿਤ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਅਮਰੀਕਾ-ਮੈਕਸੀਕੋ ਸਰਹੱਦ 'ਤੇ ਬਿਨਾਂ ਦਸਤਾਵੇਜ਼ ਵਾਲੇ ਬਾਲਗਾਂ ਨੂੰ ਉਹਨਾਂ ਦੇ ਬੱਚਿਆਂ ਤੋਂ ਵੱਖ ਕਰ ਦਿੱਤਾ ਗਿਆ ਸੀ। ਇਸ ਨੀਤੀ ਦੇ ਤਹਿਤ 5,500 ਤੋਂ ਵੱਧ ਪਰਿਵਾਰ ਵੱਖ ਹੋ ਗਏ ਸਨ ਅਤੇ 600 ਤੋਂ ਵੱਧ ਬੱਚਿਆਂ ਦੇ ਮਾਪਿਆਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਨੋਟ- ਬਾਈਡੇਨ ਨੇ ਡੋਨਾਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਪਾਲਿਸੀ ਨੂੰ ਪਲਟਣ ਲਈ ਕੀਤੇ ਦਸਤਖ਼ਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News