ਅਫ਼ਗਾਨਿਸਤਾਨ ’ਚ ਅਮਰੀਕੀ ਫ਼ੌਜ ਦੇ ਤਾਇਨਾਤ ਰਹਿਣ ਸਬੰਧੀ ਜੋਅ ਬਾਈਡੇਨ ਨੇ ਲਿਆ ਅਹਿਮ ਫ਼ੈਸਲਾ
Thursday, Aug 19, 2021 - 04:06 PM (IST)
ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ ’ਚ ਤਾਲਿਬਾਨ ਦੇ ਆਉਣ ਤੋਂ ਬਾਅਦ ਚਾਰੇ ਪਾਸੇ ਹੋ-ਹੱਲਾ ਹੋ ਰਿਹਾ ਹੈ। ਲੋਕ ਦੇਸ਼ ਛੱਡਣਾ ਚਾਹੁੰਦੇ ਹਨ। ਕਈ ਵਿਦੇਸ਼ੀ ਨਾਗਰਿਕ ਵੀ ਫਸੇ ਹੋਏ ਹਨ। ਇਸ ਵਿਚਾਲੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਅਫਗਾਨਿਸਤਾਨ ’ਚ 31 ਅਗਸਤ ਤੋਂ ਬਾਅਦ ਵੀ ਅਮਰੀਕੀ ਫੌਜੀ ਤਾਇਨਾਤ ਰਹਿਣਗੇ । ਬਾਈਡੇਨ ਨੇ ਬੁੱਧਵਾਰ ਕਿਹਾ ਕਿ ਉਹ ਅਫਗਾਨਿਸਤਾਨ ’ਚ ਅਮਰੀਕੀ ਫੌਜੀਆਂ ਨੂੰ ਉਦੋਂ ਤਕ ਰੱਖਣ ਲਈ ਪ੍ਰਤੀਬੱਧ ਹਨ, ਜਦੋਂ ਤਕ ਕਿ ਉਥੋਂ ਹਰ ਅਮਰੀਕੀ ਨੂੰ ਕੱਢਿਆ ਨਹੀਂ ਜਾਂਦਾ। ਭਾਵੇਂ ਹੀ ਉਨ੍ਹਾਂ ਨੂੰ ਵਾਪਸੀ ਲਈ ਤੈਅ ਤਰੀਕ 31 ਅਗਸਤ ਦੀ ਸਮਾਂ ਹੱਦ ਤੋਂ ਬਾਅਦ ਵੀ ਉਥੇ ਫੌਜ ਨੂੰ ਬਣਾਈ ਰੱਖਣਾ ਪਵੇ।
ਇਹ ਵੀ ਪੜ੍ਹੋ : ਤਾਲਿਬਾਨ ਨੇ ਕੀਤਾ ਅਮਰੀਕਾ ਨੂੰ ਹਰਾਉਣ ਦਾ ਐਲਾਨ, ਅਫਗਾਨਿਸਤਾਨ ਦਾ ਆਜ਼ਾਦੀ ਦਿਹਾੜਾ ਮਨਾਇਆ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਸਮਾਂ ਹੱਦ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਅਮਰੀਕੀਆਂ ਤੇ ਅਮਰੀਕੀ ਸਹਿਯੋਗੀਆਂ ਨੂੰ ਕੱਢਣ ਲਈ ਅਮਰੀਕਾ ਪੂਰੀ ਤਾਕਤ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ‘ਆਪਣੀ ਸ਼ਕਤੀ ’ਚ ਸਭ ਕੁਝ’ਕਰਾਂਗੇ। ਅਮਰੀਕਾ ਵੱਲੋਂ ਅਫਗਾਨਿਸਤਾਨ ’ਚ ਫਸੇ ਲੋਕਾਂ ਨੂੰ ਸ਼ੁਰੂਆਤੀ ਕੋਸ਼ਿਸ਼ 31 ਅਗਸਤ ਤਕ ਕਾਬੁਲ ਤੋਂ ਲੋਕਾਂ ਨੂੰ ਬਾਹਰ ਕੱਢਣ ਦੀ ਹੈ। ਉਥੇ ਹੀ 31 ਅਗਸਤ ਤੋਂ ਬਾਅਦ ਦੇਸ਼ ’ਚ ਅਮਰੀਕੀਆਂ ਨੂੰ ਛੱਡਣ ’ਚ ਪ੍ਰਸ਼ਾਸਨ ਕਿਵੇਂ ਮਦਦ ਕਰੇਗਾ, ਦੇ ਸਵਾਲ ’ਤੇ ਬਾਈਡੇਨ ਨੇ ਕਿਹਾ ਕਿ ਅਮਰੀਕੀ ਤੇ ਮਿੱਤਰ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸਾਡੀ ਪਹਿਲ ਹੈ। ਬਾਈਡੇਨ ਦਾ ਕਹਿਣਾ ਹੈ ਕਿ ਕਾਬੁਲ ਏਅਰਪੋਰਟ ’ਤੇ ਅਜੇ ਵੀ 4 ਹਜ਼ਾਰ ਅਮਰੀਕੀ ਫੌਜੀ ਤਾਇਨਾਤ ਹਨ। ਜਲਦ ਹੀ ਇਹ ਗਿਣਤੀ 6 ਹਜ਼ਾਰ ਤਕ ਪਹੁੰਚ ਜਾਏਗੀ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਕ ਦਿਨ ’ਚ 5 ਤੋਂ 9 ਹਜ਼ਾਰ ਲੋਕਾਂ ਨੂੰ ਕਾਬੁਲ ਏਅਰਪੋਰਟ ਤੋਂ ਸੁਰੱਖਿਅਤ ਕੱਢਿਆ ਜਾਵੇ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਹਫਤੇ ਅਫਗਾਨਿਸਤਾਨ ’ਚ ਤਾਲਿਬਾਨ ਦਾ ਰਾਜ ਹੋਣ ਤਕ 15,000 ਅਮਰੀਕੀ ਰਹਿੰਦੇ ਸਨ।