ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ
Thursday, Apr 30, 2026 - 11:59 PM (IST)
ਕਾਠਮੰਡੂ, (ਭਾਸ਼ਾ)- ਨੇਪਾਲ ਦੇ ਰੋਲਪਾ ਜ਼ਿਲੇ ਵਿਚ ਵੀਰਵਾਰ ਨੂੰ ਇਕ ਜੀਪ ਪਹਾੜੀ ਸੜਕ ਤੋਂ ਫਿਸਲ ਕੇ ਲਗਭਗ 700 ਮੀਟਰ ਡੂੰਘੀ ਖੱਡ ’ਚ ਜਾ ਡਿੱਗੀ। ਇਸ ਹਾਦਸੇ ਵਿਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ।
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਥਵਾਂਗ ਪੇਂਡੂ ਨਗਰਪਾਲਿਕਾ ਦੇ ਜਲਜਾਲਾ ਖੇਤਰ ਵਿਚ ਵਾਪਰਿਆ, ਜਦੋਂ ਭਾਰੀ ਮੀਂਹ ਦੌਰਾਨ ਵਾਹਨ ਚਿੱਕੜ ਭਰੇ ਰਸਤੇ ਤੋਂ ਫਿਸਲ ਗਿਆ ਅਤੇ ਪਹਾੜੀ ਤੋਂ ਹੇਠਾਂ ਜਾ ਡਿੱਗਿਆ। ਰੋਲਪਾ ਜ਼ਿਲਾ ਪੁਲਸ ਦਫ਼ਤਰ ਦੇ ਸੂਚਨਾ ਅਧਿਕਾਰੀ ਸੁਨੀਲ ਥਾਪਾ ਅਨੁਸਾਰ, ਸ਼ੁੱਕਰਵਾਰ ਨੂੰ ਜਲਜਾਲਾ ਵਿਚ ਕਰਵਾਏ ਜਾ ਰਹੇ ਵੈਸਾਖ ਪੂਰਨਿਮਾ ਉਤਸਵ ’ਚ ਸ਼ਾਮਲ ਹੋਣ ਜਾ ਰਹੇ ਸਥਾਨਕ ਲੋਕਾਂ ਨੇ ਇਹ ਨਿੱਜੀ ਜੀਪ ਕਿਰਾਏ ’ਤੇ ਲਈ ਸੀ।
ਪੁਲਸ ਨੇ ਦੱਸਿਆ ਕਿ ਇਲਾਕੇ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਬਚਾਅ ਕਾਰਜਾਂ ਵਿਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹਾਦਸੇ ਸਮੇਂ ਗੱਡੀ ਵਿਚ ਸਵਾਰ ਯਾਤਰੀਆਂ ਦੀ ਸਹੀ ਗਿਣਤੀ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
