ਜਥੇਦਾਰ ਦਾਦੂਵਾਲ ਦਾ ਵਾਸ਼ਿੰਗਟਨ 'ਚ ਸਨਮਾਨ, 'ਸ਼ਾਂਤੀ ਰਾਜਦੂਤ' ਕੀਤੇ ਨਿਯੁਕਤ
Saturday, Oct 12, 2024 - 05:36 AM (IST)
 
            
            ਵਾਸ਼ਿੰਗਟਨ ਡੀ.ਸੀ (ਗਿੱਲ) : ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਯੂਨੀਵਰਸਲ ਪੀਸ ਫੈੱਡਰੇਸ਼ਨ ਯੂਐੱਸਏ ਵੱਲੋਂ 'ਸ਼ਾਂਤੀ ਦੇ ਰਾਜਦੂਤ' ਦੇ ਵੱਕਾਰੀ ਖਿਤਾਬ ਨਾਲ ਸਨਮਾਨ ਕੀਤਾ ਗਿਆ ਹੈ। ਵਾਸ਼ਿੰਗਟਨ ਟਾਈਮਜ਼ ਹਾਲ 'ਚ ਆਯੋਜਿਤ ਸਮਾਗਮ 'ਚ ਜਥੇਦਾਰ ਦਾਦੂਵਾਲ ਵੱਲੋਂ ਸ਼ਾਂਤੀ ਅਤੇ ਭਾਈਚਾਰਕ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਵਿੱਚ ਪਾਏ ਗਏ ਅਨਮੋਲ ਯੋਗਦਾਨ ਨੂੰ ਮਾਨਤਾ ਦਿੱਤੀ ਗਈ ਹੈ। ਜਥੇਦਾਰ ਦਾਦੂਵਾਲ, ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾ ਕਰ ਚੁੱਕੇ ਹਨ ਤੇ ਹੁਣ ਧਰਮ ਪ੍ਰਚਾਰ ਦੇ ਚੇਅਰਮੈਨ ਹਨ, ਉਨ੍ਹਾਂ ਦੀ ਸਮੂੰਹ ਭਾਈਚਾਰਿਆਂ 'ਚ ਏਕਤਾ ਸਤਿਕਾਰ ਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਪ੍ਰਸ਼ੰਸਾ ਕੀਤੀ ਗਈ।
ਸਨਮਾਨ ਸਮਾਗਮ 'ਚ ਜਥੇਦਾਰ ਦਾਦੂਵਾਲ ਦੀ ਧਰਮ ਸੁਪਤਨੀ ਬੀਬੀ ਸੁਖਮੀਤ ਕੌਰ ਅਤੇ ਸਪੁੱਤਰ ਭਾਈ ਕੁਰਬਾਨ ਸਿੰਘ ਭਾਈ ਕਿਆਮਤ ਸਿੰਘ, ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐੱਨਆਰਆਈ ਵਿੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰੀਕਾ,ਇੰਟਰਨੈਸ਼ਨਲ ਕੌਂਸਲ ਦੇ ਸੀਈਓ ਸ਼ੁਬੇਗ ਸਿੰਘ ਮੁਲਤਾਨੀ, ਸ.ਹਰਜੀਤ ਸਿੰਘ ਹੁੰਦਲ ਸਬਰੰਗ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਯੂਨੀਵਰਸਲ ਪੀਸ ਫੈੱਡਰੇਸ਼ਨ ਦੇ ਪ੍ਰਧਾਨ ਮਿ.ਮਿਸ਼ੇਲ ਜੈਨਕਿੰਸ,ਵਾਈਸ ਪ੍ਰੈਜ਼ੀਡੈਂਟ ਟੋਮੀਕੋ ਦੁਗਾਨ ਅਤੇ ਇੰਟਰਨੈਸ਼ਨਲ ਫੋਰਮ ਯੂਐੱਸਏ ਦੇ ਕੋ-ਚੇਅਰ ਡਾ. ਸੁਰਿੰਦਰ ਸਿੰਘ ਗਿੱਲ ਨੇ ਜਥੇਦਾਰ ਦਾਦੂਵਾਲ ਦੀ ਮਾਨਵਤਾਵਾਦੀ ਸੇਵਾ ਅਤੇ ਸ਼ਾਂਤੀ-ਨਿਰਮਾਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਗਿੱਲ ਨੇ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰਦੇ ਹੋਏ ਇੱਕ ਪੁਲ-ਨਿਰਮਾਤਾ ਵਜੋਂ ਜਥੇਦਾਰ ਦਾਦੂਵਾਲ ਦੀ ਭੂਮਿਕਾ ਨੂੰ ਉਜਾਗਰ ਕੀਤਾ, ਜੋ ਕਿ ਜਥੇਦਾਰ ਦਾਦੂਵਾਲ ਇੱਕ ਨਿਸ਼ਕਾਮ ਸੇਵਕ ਵਜੋਂ ਨਿਭਾ ਰਹੇ ਹਨ। ਸਨਮਾਨ ਸਮਾਗਮ ਦੌਰਾਨ ਜਥੇਦਾਰ ਦਾਦੂਵਾਲ ਨੇ ਵਿਸ਼ਵ ਸ਼ਾਂਤੀ ਅਤੇ ਸਤਿਕਾਰ ਲਈ ਪ੍ਰਮਾਤਮਾ ਅੱਗੇ ਦਿਲੋਂ ਅਰਦਾਸ ਕੀਤੀ। ਉਨ੍ਹਾਂ ਦਾ ਸੰਦੇਸ਼ ਸਰੋਤਿਆਂ ਵਿੱਚ ਡੂੰਘਾਈ ਨਾਲ ਗੂੰਜਿਆ। ਵਿਸ਼ਵ ਪੱਧਰ 'ਤੇ ਸਦਭਾਵਨਾ ਨੂੰ ਉਤਸ਼ਾਹਤ ਕਰਨ ਲਈ ਜਥੇਦਾਰ ਦਾਦੂਵਾਲ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।
ਯੂਨੀਵਰਸਲ ਪੀਸ ਫੈੱਡਰੇਸ਼ਨ ਨੇ ਇੱਕ ਵਿਸ਼ੇਸ਼ ਚਾਹ ਸਮਾਰੋਹ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਸਨਮਾਨ ਵਜੋਂ ਕੀਤਾ। ਇਸ ਮਹੱਤਵਪੂਰਨ ਮੌਕੇ ਨੂੰ ਆਪਸੀ ਪਿਆਰ ਅਤੇ ਏਕਤਾ ਨਾਲ ਮਨਾਇਆ ਗਿਆ। ਇਸ ਸਮਾਗਮ ਨੇ ਇੱਕ ਕਮਿਊਨਿਟੀ ਲੀਡਰ ਵਜੋਂ ਦਾਦੂਵਾਲ ਦੇ ਸਥਾਈ ਪ੍ਰਭਾਵ ਅਤੇ ਸ਼ਾਂਤੀ ਦੇ ਯਤਨਾਂ ਲਈ ਉਨ੍ਹਾਂ ਦੇ ਨਿਰੰਤਰ ਸਮਰਪਣ ਨੂੰ ਰੇਖਾਂਕਿਤ ਕੀਤਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            