ਇਹ ਜਾਪਾਨੀ ਅਰਬਪਤੀ ਹੋਵੇਗਾ ਚੰਦਰਮਾ ਦੀ ਸੈਰ ਕਰਨ ਵਾਲਾ ਪਹਿਲਾ ਆਮ ਵਿਅਕਤੀ

09/19/2018 4:03:20 PM

ਹਾਵਥੋਰਨ (ਏਜੰਸੀ)— ਜਾਪਾਨੀ ਅਰਬਪਤੀ ਅਤੇ ਆਨਲਾਈਨ ਫੈਸ਼ਨ ਸਨਅਤਕਾਰ ਯੁਸਾਕੂ ਮਾਈਜਾਵਾ ਸਾਲ 2023 ਤਕ 'ਸਪੇਸਐਕਸ' ਰਾਕੇਟ ਰਾਹੀਂ ਚੰਦਰਮਾ ਦੀ ਸੈਰ ਕਰਨ ਵਾਲੇ ਪਹਿਲੇ ਆਮ ਵਿਅਕਤੀ ਹੋਣਗੇ। ਉਨ੍ਹਾਂ ਦੀ ਯੋਜਨਾ 6 ਤੋਂ 8 ਕਲਾਕਾਰਾਂ ਨੂੰ ਨਾਲ ਲੈ ਕੇ ਜਾਣ ਦੀ ਵੀ ਹੈ। ਸਾਲ 1972 ਦੇ ਆਖਰੀ ਅਮਰੀਕੀ ਅਪੋਲੋ ਮਿਸ਼ਨ ਤੋਂ ਬਾਅਦ 42 ਸਾਲਾ ਮਾਈਜਾਵਾ ਚੰਦਰਮਾ ਦੀ ਸੈਰ ਕਰਨ ਵਾਲੇ ਪਹਿਲੇ ਯਾਤਰੀ ਹੋਣਗੇ। ਉਨ੍ਹਾਂ ਨੇ ਇਹ ਖਾਸ ਹੱਕ ਹਾਸਲ ਕਰਨ ਲਈ ਕਿੰਨੀ ਰਕਮ ਚੁਕਾਈ ਹੈ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ। ਮਾਈਜਾਵਾ ਨੇ ਕਿਹਾ ਕਿ ਬਚਪਨ ਤੋਂ ਮੈਨੂੰ ਚੰਨ ਨਾਲ ਪਿਆਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਜੀਵਨ ਜ਼ਿੰਦਗੀ ਦਾ ਸੁਪਨਾ ਹੈ, ਮੈਂ ਇਸ ਪ੍ਰਾਜੈਕਟ ਨੂੰ ਜ਼ਰੂਰ ਪੂਰਾ ਕਰਾਂਗਾ। 

PunjabKesari

ਇਕ ਮੈਗਜ਼ੀਨ ਮੁਤਾਬਕ ਮਾਈਜਾਵਾ ਜਾਪਾਨ ਦੇ ਸਭ ਤੋਂ ਵੱਡੇ ਆਨਲਾਈਨ ਫੈਸ਼ਨ ਮਾਲ ਦੇ ਮੁੱਖ ਕਾਰਜਕਾਰੀ ਹਨ ਅਤੇ ਉਹ ਜਾਪਾਨ ਦੇ 18ਵੇਂ ਸਭ ਤੋਂ ਅਮੀਰ ਵਿਅਕਤੀ ਹਨ। ਉਨ੍ਹਾਂ ਕੋਲ 3 ਅਰਬ ਡਾਲਰ ਦੀ ਜਾਇਦਾਦ ਹੈ। ਮਾਈਜਾਵਾ ਨੇ ਦੱਸਿਆ ਕਿ ਕਲਾ ਪ੍ਰਤੀ ਆਪਣੇ ਪ੍ਰੇਮ ਦੇ ਕਾਰਨ ਹੀ ਉਨ੍ਹਾਂ ਨੇ ਇਸ ਯਾਤਰਾ 'ਤੇ ਕਲਾਕਾਰਾਂ ਨੂੰ ਸੱਦਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਲਾਕਾਰਾਂ ਨੂੰ ਧਰਤੀ 'ਤੇ ਵਾਪਸ ਪਰਤਣ ਤੋਂ ਬਾਅਦ ਕੁਝ ਕਲਾਕ੍ਰਿਤੀਆਂ ਬਣਾਉਣ ਨੂੰ ਕਿਹਾ ਜਾਵੇਗਾ। ਇਨ੍ਹਾਂ ਦੀਆਂ ਕਲਾਕ੍ਰਿਤੀਆਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਨਗੀਆਂ। ਇੱਥੇ ਦੱਸ ਦੇਈਏ ਕਿ ਮਾਈਜਾਵਾ ਦੁਨੀਆ ਭਰ ਦੀਆਂ ਕਲਾਕ੍ਰਿਤੀਆਂ ਇਕੱਠੀਆਂ ਕਰਨ ਦੇ ਸ਼ੌਕੀਨ ਹਨ। 
ਨਿਜੀ ਕੰਪਨੀ ਸਪੇਸ ਐਕਸ ਸੀ. ਈ. ਓ. ਏਲਨ ਮਸਕ ਨੇ ਮਾਈਜਾਵਾ ਨੂੰ ਸਭ ਤੋਂ ਬਹਾਦਰ ਅਤੇ ਸਾਹਸੀ ਵਿਅਕਤੀ ਦੱਸਿਆ ਹੈ। ਉਨ੍ਹਾਂ ਨੇ ਕਿਹਾ, ''ਉਨ੍ਹਾਂ ਨੇ ਸਾਨੂੰ ਚੁਣਿਆ, ਅਸੀਂ ਖੁਦ ਨੂੰ ਸਨਮਾਨਤ ਮਹਿਸੂਸ ਕਰ ਰਹੇ ਹਾਂ।'' ਇੱਥੇ ਦੱਸ ਦੇਈਏ ਕਿ ਸਪੇਸ ਐਕਸ ਅਮਰੀਕਾ ਦੀ ਏਅਰੋਸਪੇਸ ਨਿਰਮਾਤਾ ਅਤੇ ਪੁਲਾੜ ਟਰਾਂਸਪੋਰਟ ਸੇਵਾ ਕੰਪਨੀ ਹੈ। ਮਸਕ ਨੇ ਅੱਗੇ ਕਿਹਾ ਕਿ ਮਾਈਜਾਵਾ ਨੇ ਚੰਦਰਮਾ ਦੀ ਯਾਤਰਾ ਲਈ ਕਿੰਨੀ ਰਕਮ ਚੁਕਾਈ ਹੈ, ਇਸ ਦਾ ਉਹ ਖੁਲਾਸਾ ਨਹੀਂ ਕਰਨਗੇ ਪਰ ਕਲਾਕਾਰਾਂ ਲਈ ਇਹ ਯਾਤਰਾ ਮੁਫ਼ਤ ਹੋਵੇਗੀ। 

 

PunjabKesari

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮਸਕ ਨੇ ਸੈਲਾਨੀਆਂ ਨੂੰ ਚੰਦਰਮਾ ਦੀ ਸੈਰ ਕਰਾਉਣ ਦਾ ਵਾਅਦਾ ਕੀਤਾ ਹੈ। ਪਿਛਲੇ ਸਾਲ ਵੀ ਉਨ੍ਹਾਂ ਨੇ ਕਿਹਾ ਸੀ ਕਿ ਯਾਤਰਾ ਦਾ ਖਰਚ ਦੇਣ ਵਾਲੇ ਦੋ ਸੈਲਾਨੀ 2018 'ਚ ਚੰਦਰਮਾ ਦੀ ਸੈਰ ਕਰਨਗੇ। ਜ਼ਿਕਰਯੋਗ ਹੈ ਕਿ ਹੁਣ ਤਕ ਅਮਰੀਕੀ ਹੀ ਧਰਤੀ ਦੇ ਪੰਥ ਤੋਂ ਬਾਹਰ ਗਏ ਹਨ। ਨਾਸਾ ਦੇ ਕੁੱਲ 24 ਪੁਲਾੜ ਯਾਤਰੀ 1960 ਅਤੇ 1970 ਦੇ ਦਹਾਕੇ ਵਿਚ ਓਪੋਲੋ ਪੁਲਾੜ ਗੱਡੀ ਦੇ ਦੌਰ ਵਿਚ ਚੰਦਰਮਾ 'ਤੇ ਗਏ। ਉੱਥੇ ਹੀ 12 ਪੁਲਾੜ ਯਾਤਰੀਆਂ ਨੇ ਚੰਦਰਮਾ ਦੀ ਸਤ੍ਹਾ 'ਤੇ ਚਹਿਲਕਦਮੀ ਕੀਤੀ। ਪਹਿਲੇ ਪੁਲਾੜ ਸੈਲਾਨੀ ਡੇਨਿਸ਼ ਟੀਟੋ ਸਨ। ਉਹ ਇਕ ਅਮਰੀਕੀ ਕਾਰੋਬਾਰੀ ਸਨ। ਉਨ੍ਹਾਂ ਨੇ ਇਕ ਰੂਸੀ ਪੁਲਾੜ ਗੱਡੀ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਯਾਤਰਾ ਕਰਨ ਲਈ ਕਰੀਬ 2 ਕਰੋੜ ਡਾਲਰ ਅਦਾ ਕੀਤੇ ਸਨ।


Related News