ਜਾਪਾਨ ਕਰਮਚਾਰੀਆਂ ਨੂੰ ਕੱਢਣ ਲਈ ਅਫ਼ਗਾਨਿਸਤਾਨ ''ਚ ਭੇਜੇਗਾ ਫ਼ੌਜੀ ਜਹਾਜ਼
Monday, Aug 23, 2021 - 03:33 PM (IST)
ਟੋਕੀਓ (ਭਾਸ਼ਾ)- ਜਾਪਾਨ ਆਪਣੇ ਨਾਗਰਿਕਾਂ ਅਤੇ ਸਥਾਨਕ ਕਰਮਚਾਰੀਆਂ ਨੂੰ ਕੱਢਣ ਲਈ ਹਵਾਈ ਸਵੈ-ਰੱਖਿਆ ਫ਼ੋਰਸ ਦੇ ਫ਼ੌਜੀ ਜਹਾਜ਼ ਅਫਗਾਨਿਸਤਾਨ ਭੇਜੇਗਾ। ਮੁੱਖ ਕੈਬਨਿਟ ਸਕੱਤਰ ਕਾਤਸੂਨੋਬੂ ਕਾਟੋ ਨੇ ਟੋਕੀਓ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ।
ਕਾਟੋ ਨੇ ਕਿਹਾ, 'ਸਾਡਾ ਦੇਸ਼ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਕਰ ਰਿਹਾ ਹੈ ਤਾਂ ਜੋ ਅਫ਼ਗਾਨਿਸਤਾਨ ਛੱਡਣ ਦੇ ਚਾਹਵਾਨਾਂ ਨੂੰ ਸੁਰੱਖਿਅਤ ਅਤੇ ਤੇਜ਼ੀ ਨਾਲ ਬਾਹਰ ਕੱਢਣ ਵਿਚ ਸਹਾਇਤਾ ਕੀਤੀ ਜਾ ਸਕੇ। ਅਸੀਂ ਅਫ਼ਗਾਨਿਸਤਾਨ ਤੋਂ ਨਾਗਰਿਕਾਂ ਅਤੇ ਆਪਣੇ ਕਰਮਚਾਰੀਆਂ ਨੂੰ ਕੱਢਣ ਲਈ ਹਵਾਈ ਸਵੈ-ਰੱਖਿਆ ਫ਼ੋਰਸ ਦੇ ਜਹਾਜ਼ ਸੀ-130 ਭੇਜਾਂਗੇ। ਤਿਆਰੀਆਂ ਮੁਕੰਮਲ ਹੁੰਦੇ ਹੀ ਅਸੀਂ ਨਿਕਾਸੀ ਸ਼ੁਰੂ ਕਰਾਂਗੇ।'
ਮੁੱਖ ਕੈਬਨਿਟ ਸਕੱਤਰ ਨੇ ਕਿਹਾ ਕਿ ਜਾਪਾਨ ਦੀ ਪ੍ਰਮੁੱਖ ਤਰਜੀਹ ਆਪਣੇ ਨਾਗਰਿਕਾਂ ਅਤੇ ਜਾਪਾਨ ਅੰਤਰਰਾਸ਼ਟਰੀ ਸਹਿਯੋਗ ਏਜੰਸੀ (ਜ਼ੀਕਾ) ਦੇ ਕਰਮਚਾਰੀਆਂ ਨੂੰ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਕੱਢਣਾ ਹੈ। ਬੀਤੀ 17 ਅਗਸਤ ਨੂੰ ਜਾਪਾਨ ਨੇ ਅਫ਼ਗਾਨਿਸਤਾਨ ਵਿਚ ਆਪਣਾ ਦੂਤਘਰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਅਤੇ ਤੁਰਕੀ ਦੇ ਇਸਤਾਂਬੁਲ ਵਿਚ ਇਕ ਅਸਥਾਈ ਪ੍ਰਤੀਨਿਧੀ ਦਫ਼ਤਰ ਖੋਲ੍ਹਿਆ। ਸਕੱਤਰ ਜਨਰਲ ਅਨੁਸਾਰ ਪਹਿਲੇ ਜਹਾਜ਼ ਦੇ ਸੋਮਵਾਰ ਨੂੰ ਉਡਾਣ ਭਰਨ ਦੀ ਉਮੀਦ ਹੈ ਅਤੇ ਕੁੱਲ ਮਿਲਾ ਕੇ 2 ਸੀ-130 ਅਤੇ ਇਕ ਸੀ-2 ਜਹਾਜ਼ ਭੇਜਿਆ ਜਾਵੇਗਾ।