ਜਾਪਾਨ ਨੇ ਯੂਕਰੇਨ ਤੋਂ ਡਿਪਲੋਮੈਟਾਂ ਨੂੰ ਸੱਦਿਆ ਵਾਪਸ, ਆਪਣੇ ਨਾਗਰਿਕਾਂ ਨੂੰ ਵੀ ਉਥੋਂ ਨਿਕਲਣ ਦੀ ਕੀਤੀ ਅਪੀਲ

Monday, Feb 14, 2022 - 11:04 AM (IST)

ਜਾਪਾਨ ਨੇ ਯੂਕਰੇਨ ਤੋਂ ਡਿਪਲੋਮੈਟਾਂ ਨੂੰ ਸੱਦਿਆ ਵਾਪਸ, ਆਪਣੇ ਨਾਗਰਿਕਾਂ ਨੂੰ ਵੀ ਉਥੋਂ ਨਿਕਲਣ ਦੀ ਕੀਤੀ ਅਪੀਲ

ਟੋਕੀਓ (ਵਾਰਤਾ)- ਜਾਪਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਜਾਪਾਨ ਯੂਕਰੇਨ ਤੋਂ ਆਪਣੇ ਦੂਤਘਰ ਦੇ ਲਗਭਗ ਸਾਰੇ ਸਟਾਫ਼ ਨੂੰ ਵਾਪਸ ਸੱਦਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਜਾਪਾਨੀ ਨਾਗਰਿਕਾਂ ਨੂੰ ਵੀ ਤੁਰੰਤ ਯੂਕਰੇਨ ਛੱਡਣ ਲਈ ਕਿਹਾ ਹੈ। ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਕੀਵ ਵਿਚ ਜਾਪਾਨੀ ਦੂਤਘਰ ਡਿਪਲੋਮੈਟਿਕ ਸਟਾਫ਼ ਨੂੰ ਵਾਪਸ ਬੁਲਾਏ ਜਾਣ ਤੋਂ ਬਾਅਦ ਸਿਰਫ਼ ਸੀਮਤ ਸੇਵਾਵਾਂ ਜਾਰੀ ਰੱਖੇਗਾ। ਜਾਪਾਨ ਦੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਜਾਪਾਨ ਨੇ ਯੂਕਰੇਨ 'ਚ ਰਹਿਣ ਲਈ ਖ਼ਤਰੇ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ ਅਤੇ ਵਧਦੇ ਤਣਾਅ ਦੇ ਵਿਚਕਾਰ ਆਪਣੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਛੱਡਣ ਦੀ ਅਪੀਲ ਕੀਤੀ ਹੈ।

ਕਿਓਡੋ ਨਿਊਜ਼ ਏਜੰਸੀ ਦੇ ਅਨੁਸਾਰ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਦਫ਼ਤਰ ਨੇ ਯੂਕਰੇਨ ਵਿਚ ਘਟਨਾਵਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਇਕ ਐਮਰਜੈਂਸੀ ਹੈੱਡਕੁਆਰਟਰ ਸਥਾਪਤ ਕੀਤਾ ਹੈ। ਜਾਪਾਨ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਪਿਛਲੇ ਹਫ਼ਤੇ ਤੋਂ ਆਪਣੇ ਡਿਪਲੋਮੈਟਿਕ ਸਟਾਫ਼ ਨੂੰ ਕੀਵ ਤੋਂ ਅੰਸ਼ਕ ਤੌਰ 'ਤੇ ਕੱਢਣਾ ਸ਼ੁਰੂ ਕੀਤਾ ਹੈ ਅਤੇ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ਨੀਵਾਰ ਨੂੰ ਕਿਹਾ ਕਿ ਯੂਕਰੇਨ ਤੋਂ ਡਿਪਲੋਮੈਟਿਕ ਸਟਾਫ਼ ਦੀ ਰਵਾਨਗੀ ਜਾਇਜ਼ ਹੈ, ਕਿਉਂਕਿ ਰੂਸੀ ਫੌਜੀ ਕਾਰਵਾਈ ਦਾ ਖ਼ਤਰਾ ਬਹੁਤ ਜ਼ਿਆਦਾ ਹੈ ਅਤੇ ਖ਼ਤਰਾ ਬਹੁਤ ਨੇੜੇ ਆ ਗਿਆ ਹੈ।


author

cherry

Content Editor

Related News