ਜਾਪਾਨ : ਸ਼ਿਪ 'ਚ ਫਸੇ ਲੋਕਾਂ 'ਚੋਂ 355 ਨੂੰ ਕੋਰੋਨਾ, ਸਤਾਉਣ ਲੱਗੀ ਘਰ ਦੀ ਯਾਦ

02/16/2020 9:34:52 AM

ਟੋਕੀਓ—  'ਡਾਇਮੰਡ ਪ੍ਰਿੰਸਜ਼ ਸ਼ਿਪ' 'ਚ ਘੁੰਮਣ ਲਈ ਨਿਕਲੇ ਲੋਕਾਂ 'ਚੋਂ 355 ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ। ਜਾਪਾਨ ਦੇ ਯੋਕੋਹਾਮਾ ਕੋਲ 4 ਫਰਵਰੀ ਤੋਂ ਰੋਕੇ ਗਏ ਇਸ ਬ੍ਰਿਟਿਸ਼ ਪ੍ਰਿੰਸਜ਼ ਸਮੁੰਦਰੀ ਜਹਾਜ਼ 'ਚ ਤਕਰੀਬਨ 3700 ਯਾਤਰੀ ਸਵਾਰ ਹਨ। ਇਹ ਲੋਕ ਘੁੰਮਣ ਦੇ ਇਰਾਦੇ ਨਾਲ ਇਸ ਕਰੂਜ਼ 'ਚ ਨਿਕਲੇ ਸਨ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਜ਼ਿੰਦਗੀ ਕਿਸ ਮੋੜ 'ਤੇ ਰੁਕ ਜਾਵੇਗੀ। ਇਸ 'ਚ ਵੱਖ-ਵੱਖ ਦੇਸ਼ਾਂ ਦੇ ਲੋਕ ਸਵਾਰ ਹਨ।

 

ਸੱਤ ਫਰਵਰੀ ਤੋਂ ਬਾਅਦ ਇਸ ਸਮੁੰਦਰੀ ਜਹਾਜ਼ 'ਚ ਵਾਇਰਸ ਤੇਜ਼ੀ ਨਾਲ ਫੈਲਿਆ। ਵਾਇਰਸ ਦੇ ਇੰਨੀ ਤੇਜ਼ੀ ਨਾਲ ਫੈਲਣ ਦਾ ਕੋਈ ਨਿਸ਼ਚਿਤ ਕਾਰਨ ਤਾਂ ਸਾਹਮਣੇ ਨਹੀਂ ਹੈ ਪਰ ਜਾਪਾਨ ਦੇ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਲੋਕ ਪਹਿਲਾਂ ਤੋਂ ਹੀ ਇਨਫੈਕਟਡ ਰਹੇ ਹੋਣਗੇ ਪਰ ਉਨ੍ਹਾਂ ਦੀ ਪੁਸ਼ਟੀ ਬਾਅਦ 'ਚ ਹੋਈ ਕਿਉਂਕਿ ਵਾਇਰਸ ਦੇ ਪੂਰੇ ਲੱਛਣ ਦੋ ਹਫਤੇ ਦੇ ਆਸਪਾਸ ਹੀ ਸਾਹਮਣੇ ਆਉਂਦੇ ਹਨ। ਅਜਿਹੇ 'ਚ ਕੁਝ ਲੋਕਾਂ 'ਚ ਸ਼ੁਰੂਆਤੀ ਸਮੇਂ 'ਚ ਇਸ ਦਾ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਇਸ 'ਚ ਸਵਾਰਾਂ ਦੀ ਮੁਸੀਬਤ ਵੱਧ ਗਈ ਹੈ।

ਜਹਾਜ਼ 'ਚ ਭਾਰਤੀ ਨਾਗਰਿਕ ਵੀ ਸਵਾਰ ਹਨ। ਇਸ ਜਹਾਜ਼ 'ਚ 132 ਭਾਰਤੀ ਕਰੂ ਤੇ 6 ਟੂਰਿਸਟ ਹਨ। ਟੋਕੀਓ 'ਚ ਭਾਰਤੀ ਦੂਤਘਰ ਜਹਾਜ਼ 'ਤੇ ਮੌਜੂਦ ਭਾਰਤੀਆਂ ਨਾਲ ਸੰਪਰਕ 'ਚ ਹੈ ਤੇ ਵਿਦੇਸ਼ ਮੰਤਰਾਲਾ ਕਰੂਜ਼ 'ਚ ਫਸੇ ਲੋਕਾਂ ਦੀ ਮਦਦ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਪਾਨ 'ਚ ਅਮਰੀਕੀ ਦੂਤਘਰ ਨੇ ਦੱਸਿਆ ਕਿ ਉਹ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਤੇਜ਼ੀ ਨਾਲ ਕੋਸ਼ਿਸ਼ਾਂ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਹੁਣ ਤਕ 1,666 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਸ਼ਿਪ 'ਚ ਫਸੇ ਲੋਕਾਂ ਨੂੰ ਘਰ ਦੀ ਯਾਦ ਸਤਾ ਰਹੀ ਹੈ।


Related News