ਆਬੇ ਦੇ ਅਸਤੀਫੇ ਮਗਰੋਂ ਜਾਪਾਨ ਦੇ ਪੀ.ਐੱਮ. ਚੁਣੇ ਗਏ ਯੋਸ਼ਿਹਿਦੇ ਸੁਗਾ

Wednesday, Sep 16, 2020 - 06:36 PM (IST)

ਆਬੇ ਦੇ ਅਸਤੀਫੇ ਮਗਰੋਂ ਜਾਪਾਨ ਦੇ ਪੀ.ਐੱਮ. ਚੁਣੇ ਗਏ ਯੋਸ਼ਿਹਿਦੇ ਸੁਗਾ

ਟੋਕੀਓ (ਭਾਸ਼ਾ): ਜਾਪਾਨ ਦੀ ਸੰਸਦ ਵਿਚ ਬੁੱਧਵਾਰ ਨੂੰ ਹੋਈ ਵੋਟਿੰਗ ਵਿਚ ਯੋਸ਼ਿਹਿਦੇ ਸੁਗਾ ਨੂੰ ਰਸਮੀ ਤੌਰ 'ਤੇ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ। ਉਹਨਾਂ ਨੇ ਸ਼ਿੰਜ਼ੋ ਆਬੇ ਦੀ ਜਗ੍ਹਾ ਲਈ ਹੈ। ਖਰਾਬ ਸਿਹਤ ਕਾਰਨ ਆਬੇ ਨੇ ਬੁੱਧਵਾਰ ਸਵੇਰੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੁਗਾ ਨੂੰ ਸੋਮਵਾਰ ਨੂੰ ਜਾਪਾਨ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਦਾ ਪੀ.ਐੱਮ. ਬਣਨਾ ਤੈਅ ਹੋ ਗਿਆ ਸੀ। 

ਕੈਬਨਿਟ ਦੇ ਮੁੱਖ ਸਕੱਤਰ ਰਹੇ ਯੋਸ਼ਿਹਿਦੇ ਸੁਗਾ ਲੰਬੇ ਸਮੇਂ ਤੋਂ ਆਬੇ ਦੇ ਕਰੀਬੀ ਰਹੇ ਹਨ। ਉਹ ਬੁੱਧਵਾਰ ਨੂੰ ਆਪਣੀ ਕੈਬਨਿਟ ਦੀ ਚੋਣ ਕਰਨਗੇ। ਸੁਗਾ ਕਿਸਾਨ ਦੇ ਬੇਟੇ ਹਨ ਅਤੇ ਆਪਣੇ ਦਮ 'ਤੇ ਰਾਜਨੀਤੀ ਵਿਚ ਆਏ। ਉਹਨਾਂ ਨੇ ਆਮ ਲੋਕਾਂ ਅਤੇ ਪੇਂਡੂ ਭਾਈਚਾਰਿਆਂ ਦੇ ਹਿੱਤਾਂ ਦਾ ਧਿਆਨ ਰੱਖਣ ਦਾ ਵਾਅਦਾ ਕੀਤਾ ਹੈ। ਸੁਗਾ ਨੇ ਕਿਹਾ ਕਿ ਉਹ ਆਬੇ ਦੀਆਂ ਅਧੂਰੀਆਂ ਨੀਤੀਆਂ ਨੂੰ ਹੀ ਅੱਗੇ ਵਧਾਉਣਗੇ ਅਤੇ ਉਹਨਾਂ ਦੀ ਤਰਜੀਹ ਕੋਰੋਨਾਵਾਇਰਸ ਨਾਲ ਨਜਿੱਠਣਾ ਅਤੇ ਗਲੋਬਲ ਮਹਾਮਾਰੀ ਨਾਲ ਪ੍ਰਭਾਵਿਤ ਅਰਥਵਿਵਸਥਾ ਨੂੰ ਬਿਹਤਰ ਕਰਨਾ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦਾ ਦਾਅਵਾ, ਅਗਲੇ 4 ਹਫਤਿਆਂ 'ਚ ਮਿਲ ਜਾਵੇਗੀ ਕੋਰੋਨਾ ਵੈਕਸੀਨ

ਸੁਗਾ ਦੀ ਅਧਿਕਾਰਤ ਚੋਣ ਤੋਂ ਪਹਿਲਾਂ ਆਬੇ ਨੇ ਕਿਹਾ ਸੀ ਕਿ ਉਹ ਇਕ ਸਾਂਸਦ ਦੇ ਤੌਰ 'ਤੇ ਸੁਗਾ ਦੀ ਸਰਕਾਰ ਦਾ ਸਮਰਥਨ ਕਰਨਗੇ। ਸੁਗਾ, ਆਬੇ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ 2006 ਤੋਂ ਉਹਨਾਂ ਦੇ ਸਮਰਥਕ ਰਹੇ ਹਨ ਜਦੋਂ ਆਬੇ ਪਹਿਲੀ ਵਾਰ ਪੀ.ਐੱਮ. ਬਣੇ ਸੀ। ਉਦੋਂ ਆਬੇ ਦਾ ਕਾਰਜਕਾਲ 2006 ਤੋਂ 2007 ਦੇ ਵਿਚ ਸਿਰਫ ਇਕ ਸਾਲ ਦਾ ਸੀ, ਜਿਸ ਦਾ ਕਾਰਨ ਉਹਨਾਂ ਦੀ ਖਰਾਬ ਸਿਹਤ ਸੀ। 2012 ਵਿਚ ਦੁਬਾਰਾ ਪ੍ਰਧਾਨ ਮਤੰਰੀ ਬਣਨ ਵਿਚ ਸੁਗਾ ਨੇ ਆਬੇ ਦੀ ਕਾਫ਼ੀ ਮਦਦ ਕੀਤੀ ਸੀ। ਆਬੇ (65) ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹਨਾਂ ਦੀ ਸਿਹਤ ਵਿਚ ਸੁਧਾਰ ਆ ਰਿਹਾ ਹੈ ਪਰ ਜਾਰੀ ਇਲਾਜ ਅਤੇ ਸਰੀਰਕ ਥਕਾਵਟ ਦੇ ਮੱਦੇਨਜ਼ਰ ਉਹਨਾਂ ਨੇ ਅਸਤੀਫਾ ਦੇਣ ਦਾ ਮਨ ਬਣਾਇਆ ਹੈ। ਸੁਗਾ ਨੇ ਕਿਹਾ ਕਿ ਉਹ ਸੁਧਾਰ ਦੀ ਮਾਨਸਿਕਤਾ ਵਾਲੇ ਮਿਹਨਤੀ ਲੋਕਾਂ ਨੂੰ ਨਵੀਂ ਕੈਬਨਿਟ ਵਿਚ ਸ਼ਾਮਲ ਕਰਨਗੇ। ਆਬੇ ਕੈਬਨਿਟ ਦੇ ਕਰੀਬ ਅੱਧੇ ਮੈਂਬਰਾਂ ਨੂੰ ਕੈਬਨਿਟ ਵਿਚ ਜਗ੍ਹਾ ਮਿਲਣ ਦੀ ਆਸ ਹੈ ਭਾਵੇਂਕਿ ਕੁਝ ਦੇ ਵਿਭਾਗ ਬਦਲੇ ਵੀ ਜਾ ਸਕਦੇ ਹਨ।


author

Vandana

Content Editor

Related News