ਯੋਸ਼ਿਹਿਦੇ ਸੁਗਾ ਬਣਨਗੇ ਜਾਪਾਨ ਦੇ ਪੀ.ਐੱਮ., ਮਿਲਿਆ ਪਾਰਟੀ ਦਾ ਸਮਰਥਨ

Monday, Sep 14, 2020 - 06:26 PM (IST)

ਯੋਸ਼ਿਹਿਦੇ ਸੁਗਾ ਬਣਨਗੇ ਜਾਪਾਨ ਦੇ ਪੀ.ਐੱਮ., ਮਿਲਿਆ ਪਾਰਟੀ ਦਾ ਸਮਰਥਨ

ਟੋਕੀਓ (ਭਾਸ਼ਾ): ਯੋਸ਼ਿਹਿਦੇ ਸੁਗਾ (71) ਨੂੰ ਸੋਮਵਾਰ ਨੂੰ ਜਾਪਾਨ ਦੀ ਸੱਤਾਧਾਰੀ ਪਾਰਟੀ ਦਾ ਨਵਾਂ ਨੇਤਾ ਚੁਣਿਆ ਗਿਆ। ਇਸ ਤਰ੍ਹਾਂ ਹੁਣ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਲੱਗਭਗ ਸਾਫ ਹੋ ਗਿਆ ਹੈ। ਸੱਤਾਧਾਰੀ ਪਾਰਟੀ ਵਿਚ ਪੀ.ਐੱਮ. ਸ਼ਿੰਜ਼ੋ ਆਬੇ ਦੇ ਉਤਰਾਧਿਕਾਰੀ ਨੂੰ ਚੁਣਨ ਲਈ ਹੋਈ ਅੰਦਰੂਨੀ ਵੋਟਿੰਗ ਵਿਚ ਸੁਗਾ ਨੂੰ ਸੱਤਾਧਾਰੀ ਲਿਬਰਲ ਡੈਮੋਕ੍ਰੈਟਿਕ ਪਾਰਟੀ ਵਿਚ 377 ਵੋਟਾਂ ਹਾਸਲ ਹੋਈਆਂ ਜਦਕਿ ਦੋ ਹੋਰ ਦਾਅਵੇਦਾਰਾਂ ਨੂੰ 157 ਵੋਟਾਂ ਹਾਸਲ ਹੋਈਆਂ।

ਆਬੇ ਨੇ ਪਿਛਲੇ ਮਹੀਨੇ ਸਿਹਤ ਕਾਰਨਾਂ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਰਤਮਾਨ ਵਿਚ ਮੁੱਖ ਕੈਬਨਿਟ ਸਕੱਤਰ ਅਤੇ ਆਬੇ ਦੇ ਕਰੀਬੀ ਮੰਨੇ ਜਾਣ ਵਾਲੇ ਸੁਗਾ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ ਕਿਉਂਕਿ ਲਿਬਰਲ ਡੈਮੋਕ੍ਰੇਟਸ ਦਾ ਸੱਤਾਧਾਰੀ ਗਠਜੋੜ ਵਿਚ ਬਹੁਮਤ ਹੈ। ਮੀਡੀਆ ਖਬਰਾਂ ਦੇ ਮੁਤਾਬਕ, ਸੋਮਵਾਰ ਨੂੰ ਸਥਾਨਕ ਪ੍ਰਤੀਨਿਧੀਆਂ ਦੀ ਸ਼ੁਰੂਆਤੀ ਗਣਨਾ ਨਾਲ ਸੰਕੇਤ ਮਿਲੇ ਹਨ ਕਿ ਸੁਗਾ ਦੀ ਦੋ ਹੋਰ ਦਾਅਵੇਦਾਰਾਂ ਸਾਬਕਾ ਰੱਖਿਆ ਮੰਤਰੀ ਸ਼ਿਗੇਰੂ ਇਸ਼ਿਬਾ ਅਤੇ ਸਾਬਕਾ ਵਿਦੇਸ਼ ਮੰਤਰੀ ਫੂਮਿਓ ਕਿਸ਼ਿਦਾ 'ਤੇ ਭਾਰੀ ਬੜਤ ਸੀ। 

ਪੜ੍ਹੋ ਇਹ ਅਹਿਮ ਖਬਰ- 106 ਯਾਤਰੀਆਂ ਸਮੇਤ ਅੰਟਾਰਟਿਕਾ ਪਹੁੰਚੀ ਪਹਿਲੀ ਯੂ.ਐੱਸ. ਫਲਾਈਟ 

ਸੁਗਾ ਨੇ ਕਿਹਾ ਹੈ ਕਿ ਉਹਨਾਂ ਦੀਆਂ ਸਿਖਰ ਤਰਜੀਹਾਂ ਕੋਰੋਨਾਵਾਇਰਸ ਨਾਲ ਲੜਾਈ ਲੜਨਾ ਅਤੇ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋਈ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਇਕ ਸੁਧਾਰਵਾਦੀ ਹਨ ਅਤੇ ਉਹਨਾਂ ਨੇ ਨੌਕਰਸ਼ਾਹੀ ਦੀਆਂ ਖੇਤਰੀ ਰੁਕਾਵਟਾਂ ਨੂੰ ਤੋੜ ਕੇ ਨੀਤੀਆਂ ਹਾਸਲ ਕਰਨ ਦਾ ਕੰਮ ਕੀਤਾ ਹੈ।ਇੱਥੇ ਦੱਸ ਦਈਏ ਕਿ ਸੁਗਾ ਦੇ ਪਿਤਾ ਕਿਸਾਨ ਸਨ ਅਤੇ ਸਟ੍ਰਾਬੇਰੀ ਦੀ ਖੇਤੀ ਕਰਦੇ ਸਨ। ਸੁਗਾ ਦਾ ਬਚਪਨ ਉੱਤਰੀ ਜਾਪਾਨ ਦੇ ਅਕਿਤਾ ਖੇਤਰ ਵਿਚ ਬੀਤਿਆ ਅਤੇ ਉਹ ਅਕਸਰ ਪੇਂਡੂ ਇਲਾਕਿਆਂ ਨਾਲ ਜੁੜੇ ਮੁੱਦਿਆਂ ਨੂੰ ਚੁੱਕਣ ਵਾਲੇ ਨੇਤਾ ਮੰਨੇ ਗਏ ਹਨ।


author

Vandana

Content Editor

Related News