ਜਾਪਾਨ ਵੀ ਜੀ-7 ਵਾਂਗ ਰੂਸ ਤੋਂ ਤੇਲ ਦੀ ਦਰਾਮਦ ਪੜਾਅਵਾਰ ਢੰਗ ਨਾਲ ਕਰੇਗਾ ਬੰਦ
Monday, May 09, 2022 - 02:27 PM (IST)
ਟੋਕੀਓ (ਏ. ਪੀ.) : ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਕਿਹਾ ਹੈ ਕਿ ਵਿਕਸਿਤ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਦੇ ਸਮੂਹ ਜੀ-7 ਵਾਂਗ ਹੀ ਉਨ੍ਹਾਂ ਦਾ ਦੇਸ਼ ਵੀ ਯੂਕ੍ਰੇਨ ’ਤੇ ਰੂਸ ਹਮਲੇ ਦੇ ਖ਼ਿਲਾਫ਼ ਚੁੱਕੇ ਗਏ ਕਦਮ ਦੇ ਅਨੁਸਾਰ ਹੌਲੀ-ਹੌਲੀ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰ ਦੇਵੇਗਾ। ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਐਤਵਾਰ ਨੂੰ ਇਕ ਆਨਲਾਈਨ ਸਿਖ਼ਰ ਸੰਮੇਲਨ ’ਚ ਰੂਸ ਤੋਂ ਤੇਲ ਦਰਾਮਦ ਨੂੰ ਪੜਾਅਵਾਰ ਢੰਗ ਨਾਲ ਰੋਕਣ ਦਾ ਸੰਕਲਪ ਕੀਤਾ ਸੀ। ਕਿਸ਼ਿਦਾ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਕਿਹਾ, ‘‘ਇਹ ਉਸ ਦੇਸ਼ ਲਈ ਬਹੁਤ ਮੁਸ਼ਕਿਲ ਫ਼ੈਸਲਾ ਹੈ, ਜੋ ਤੇਲ ਸਮੇਤ ਊਰਜਾ ਦਰਾਮਦ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਪਰ ਜੀ-7 ਨਾਲ ਇਕਜੁੱਟਤਾ ਹੁਣ ਸਭ ਤੋਂ ਵੱਧ ਮਹੱਤਵਪੂਰਨ ਹੈ।’’
ਕਿਸ਼ਿਦਾ ਨੇ ਕਿਹਾ ਕਿ ਉਹ ਰੂਸੀ ਤੇਲ ਦਰਾਮਦ ਨੂੰ ਪੜਾਅਵਾਰ ਤਰੀਕੇ ਨਾਲ ਖ਼ਤਮ ਕਰਨ ਦੀ ਕ੍ਰਮਵਾਰ ਤੇ ਹੌਲੀ ਪ੍ਰਕਿਰਿਆ ਅਪਣਾਉਣਗੇ। ਉਨ੍ਹਾਂ ਕਿਹਾ ਕਿ ਇਹ ਿਕਸ ਤਰ੍ਹਾਂ ਨਾਲ ਤੇ ਕਦੋਂ ਕੀਤਾ ਜਾਵੇਗਾ, ਇਹ ਬਾਅਦ ਵਿਚ ਤੈਅ ਕੀਤਾ ਜਾਵੇਗਾ ਕਿਉਂਕਿ ਇਸ ਪ੍ਰਕਿਰਿਆ ਤੋਂ ਪਹਿਲਾਂ ਸਾਨੂੰ ਬਦਲਵੇਂ ਊਰਜਾ ਸਰੋਤਾਂ ਤਕ ਪਹੁੰਚ ਬਣਾਉਣੀ ਹੈ। ਉਨ੍ਹਾਂ ਕਿਹਾ ਕਿ ਜਾਪਾਨ, ਸਖਾਲਿਨ ਸਮੇਤ ਰੂਸ ’ਚ ਤੇਲ ਅਤੇ ਕੁਦਰਤੀ ਗੈਸ ਦੇ ਆਪਣੇ ਪ੍ਰਾਜੈਕਟਾਂ ਤੋਂ ਦਰਾਮਦ ’ਤੇ ਪਾਬੰਦੀ ਨਹੀਂ ਲਗਾਏਗਾ।