ਜਾਪਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ
Tuesday, Sep 14, 2021 - 04:50 PM (IST)
ਟੋਕੀਓ (ਵਾਰਤਾ) : ਜਾਪਾਨ ਦੇ ਪੂਰਬੀ ਤੱਟ ’ਤੇ ਫਿਲੀਪੀਨ ਸਾਗਰ ਖੇਤਰ ਵਿਚ ਮੰਗਲਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 5.9 ਮਾਪੀ ਗਈ। ਯੂ.ਐਸ. ਜੀਓਲੌਜੀਕਲ ਸਰਵੇ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸ਼ਿੰਗੁ ਸ਼ਹਿਰ ਤੋਂ 230 ਕਿਲੋਮੀਟਰ (143 ਮੀਲ) ਦੂਰ ਅਤੇ ਜ਼ਮੀਨੀ ਪੱਧਰ ਤੋਂ 376 ਕਿਲੋਮੀਟਰ (233 ਮੀਲ) ਦੀ ਡੂੰਘਾਈ ’ਤੇ ਸਥਿਤ ਸੀ।
ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ ਮੁਤਾਬਕ ਭੂਚਾਲ ਦੇ ਝਟਕਿਆਂ ਨੂੰ ਟੋਕੀਓ ਦੇ ਇਕ ਵਿਸ਼ੇਸ਼ ਵਾਰਡ ਮਿਨਾਟੋ ਵਿਚ ਵੀ ਮਹਿਸੂਸ ਕੀਤਾ ਗਿਆ। ਭੂਚਾਲ ਨਾਲ ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨ-ਮਾਲ ਦੀ ਹਾਨੀ ਦੇ ਬਾਰੇ ਵਿਚ ਅਜੇ ਕੋਈ ਸੂਚਨਾ ਨਹੀਂ ਹੈ। ਇਸ ਤੋਂ ਪਹਿਲਾਂ ਸਾਲ 2011 ਵਿਚ ਜਾਪਾਨ ਵਿਚ ਜ਼ਬਰਦਸਤ ਭੂਚਾਲ ਆਇਆ ਸੀ, ਉਦੋਂ ਭੂਚਾਲ ਦੀ ਤੀਬਰਤਾ 9.0 ਮਾਪੀ ਗਈ ਸੀ ਅਤੇ ਭੂਚਾਲ ਨਾਲ ਸੁਨਾਮੀ ਆਉਣ ਦੇ ਬਾਅਦ ਫੁਕੁਸ਼ਿਮਾ ਦਾਈਚੀ ਵਿਚ ਪ੍ਰਮਾਣੂ ਤਬਾਹੀ ਹੋਈ, ਜਿਸ ਵਿਚ 19,749 ਲੋਕ ਮਾਰੇ ਗਏ ਅਤੇ 6,242 ਜ਼ਖ਼ਮੀ ਹੋਏ ਅਤੇ 2,556 ਲੋਕ ਲਾਪਤਾ ਹੋ ਗਏ ਸਨ।