ਕਰੂਜ਼ ਸ਼ਿਪ ''ਚ ਸਵਾਰ 218 ਲੋਕ ਕੋਰੋਨਾ ਨਾਲ ਪੀੜਤ, ਬਜ਼ੁਰਗਾਂ ਨੂੰ ਬਚਾ ਸਕਦੈ ਜਾਪਾਨ

02/13/2020 11:30:42 AM

ਟੋਕੀਓ— ਜਾਪਾਨ ਦੇ ਤਟ 'ਤੇ ਖੜ੍ਹੇ ਕਰੂਜ਼ ਜਹਾਜ਼ 'ਡਾਇਮੰਡ ਪ੍ਰਿੰਸਸ' 'ਚ ਹੋਰ 44 ਲੋਕਾਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੀ ਪੁਸ਼ਟੀ ਹੋਈ ਹੈ। ਜਾਪਾਨ ਦੇ ਸਿਹਤ ਮੰਤਰੀ ਕਾਸੂਨੋਬੂ ਕਾਟੋ ਮੁਤਾਬਕ 44 ਹੋਰ ਲੋਕ ਵਾਇਰਸ ਦੀ ਲਪੇਟ 'ਚ ਹਨ ਤੇ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 218 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹੋਰ 221 ਲੋਕਾਂ ਦੇ ਟੈਸਟ ਕਰਵਾਏ ਗਏ ਹਨ। ਕਾਟੋ ਮੁਤਾਬਕ ਉਹ ਉਨ੍ਹਾਂ ਬਜ਼ੁਰਗਾਂ ਨੂੰ ਪਹਿਲਾਂ ਕਰੂਜ਼ ਸ਼ਿਪ 'ਚੋਂ ਬਾਹਰ ਕੱਢਣਗੇ, ਜਿਨ੍ਹਾਂ ਦੇ ਨਤੀਜੇ ਨੈਗੇਟਿਵ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਕੱਲ ਜਾਂ ਇਸ ਤੋਂ ਇਕ ਦਿਨ ਬਾਅਦ ਇਸ ਮੁਹਿੰਮ ਦੀ ਸ਼ੁਰੂਆਤ ਕਰ ਦੇਣਗੇ।

ਇਹ ਵੀ ਦੱਸਿਆ ਗਿਆ ਹੈ ਕਿ ਜਿਹੜੇ ਨਵੇਂ 44 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉਨ੍ਹਾਂ 'ਚੋਂ ਇਕ ਕਰੂ ਮੈਂਬਰ ਤੇ 43 ਯਾਤਰੀ ਹਨ। ਡਾਇਮੰਡ ਪ੍ਰਿੰਸਸ 3 ਫਰਵਰੀ ਤੋਂ ਬੰਦਰਗਾਹ 'ਤੇ ਅਲੱਗ ਹੀ ਖੜ੍ਹਾ ਹੈ ਜਦੋਂ ਇੱਥੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ। ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰੂਜ਼ ਸ਼ਿਪ 'ਚ  3,711 ਲੋਕ ਹਨ। ਕਰੂ ਮੈਂਬਰਾਂ ਸਣੇ 138 ਭਾਰਤੀ ਵੀ ਇੱਥੇ ਹੀ ਫਸੇ ਹੋਏ ਹਨ। ਭਾਰਤੀਆਂ ਵਲੋਂ ਭਾਰਤ ਸਰਕਾਰ ਨੂੰ ਜਲਦੀ ਤੋਂ ਜਲਦੀ ਮਦਦ ਕਰਨ ਲਈ ਅਪੀਲ ਕੀਤੀ ਗਈ ਹੈ। ਇੱਥੇ ਫਸੀ ਇਕ ਭਾਰਤੀ ਕੁੜੀ ਨੇ ਦੱਸਿਆ ਕਿ ਇੱਥੇ ਹਰ ਕੋਈ ਖੌਫ 'ਚ ਹੈ ਤੇ ਸਭ ਘਰ ਵਾਪਸ ਜਾਣ ਲਈ ਦੁਆਵਾਂ ਕਰ ਰਹੇ ਹਨ।


Related News