ਜਾਪਾਨ : ਫੈਕਟਰੀ ’ਚ ਚਾਕੂ ਨਾਲ ਹਮਲਾ, 15 ਜ਼ਖਮੀ
Saturday, Dec 27, 2025 - 05:20 AM (IST)
ਟੋਕੀਓ - ਮੱਧ ਜਾਪਾਨ ’ਚ ਇਕ ਫੈਕਟਰੀ ’ਚ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ’ਚ 8 ਲੋਕ ਜ਼ਖਮੀ ਹੋ ਗਏ ਅਤੇ 7 ਹੋਰ ਰਸਾਇਣ ਸੁੱਟੇ ਜਾਣ ਕਾਰਨ ਝੁਲਸ ਗਏ। ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਫੁਜੀਸਾਨ ਨਾਂਤੋਂ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਟੋਕੀਓ ਦੇ ਪੱਛਮ ’ਚ ਸ਼ਿਜ਼ੂਓਕਾ ਸੂਬੇ ਦੇ ਮਿਸ਼ੀਮਾ ਸ਼ਹਿਰ ’ਚ ਯੋਕੋਹਾਮਾ ਰਬੜ ਕੰਪਨੀ ’ਚ ਇਕ ਵਿਅਕਤੀ ਵੱਲੋਂ ਚਾਕੂ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ 8 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਵਿਭਾਗ ਨੇ ਦੱਸਿਆ ਕਿ ਇਸ ਹਮਲੇ ’ਚ ਜ਼ਖਮੀ ਹੋਏ 5 ਲੋਕਾਂ ਦੀ ਹਾਲਤ ਗੰਭੀਰ ਹੈ ਪਰ ਹੋਰ ਵੇਰਵੇ ਉਪਲੱਬਧ ਨਹੀਂ ਹਨ। ਸ਼ਿਜ਼ੂਓਕਾ ਸੂਬੇ ਦੀ ਪੁਲਸ ਨੇ ਕਿਹਾ ਕਿ 38 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਨ੍ਹਾਂ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਫਾਇਰ ਵਿਭਾਗ ਨੇ ਕਿਹਾ ਕਿ ਹਮਲੇ ਦੌਰਾਨ ਰਸਾਇਣ ਸੁੱਟੇ ਜਾਣ ਨਾਲ 7 ਹੋਰ ਲੋਕ ਜ਼ਖਮੀ ਹੋ ਗਏ।
