ਯਮਨ ’ਚ ਸਾਊਦੀ ਅਰਬ ਦਾ ਹਵਾਈ ਹਮਲਾ, 7 ਦੀ ਮੌਤ

Saturday, Jan 03, 2026 - 02:06 AM (IST)

ਯਮਨ ’ਚ ਸਾਊਦੀ ਅਰਬ ਦਾ ਹਵਾਈ ਹਮਲਾ, 7 ਦੀ ਮੌਤ

ਸਨਾ - ਯਮਨ ਵਿਚ ਸਾਊਦੀ ਅਰਬ ਦੀ ਏਅਰਸਟ੍ਰਾਈਕ ਵਿਚ 7 ਵੱਖਵਾਦੀ ਲੜਾਕਿਆਂ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਨੂੰ ਦੱਖਣੀ ਸੂਬੇ ਦੇ ਹਦ੍ਰਾਮੌਤ ਵਿਚ ਵਾਪਰੀ, ਜਿੱਥੇ ਵੱਖਵਾਦੀ ਸੰਗਠਨ ਸਦਰਨ ਟ੍ਰਾਂਜ਼ਿਸ਼ਨਲ ਕੌਂਸਲ (ਐੱਸ.ਟੀ.ਸੀ.) ਦੇ ਇਕ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਿਚ 20 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਇਸ ਦੌਰਾਨ ਯਮਨ ਸਰਕਾਰ ਨੇ ਫੌਜੀ ਕਾਰਵਾਈ ਕਰ ਕੇ ਵੱਖਵਾਦੀ ਧੜੇ ਤੋਂ ਅਹਿਮ ਮਿਲਟਰੀ ਬੇਸ ਵਾਪਸ ਆਪਣੇ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਹੈ। ਹਦ੍ਰਾਮੌਤ ਦੇ ਗਵਰਨਰ ਸਾਲੇਮ ਅਲ-ਖਾਨਬਾਸ਼ੀ ਨੇ ਕਿਹਾ ਕਿ ਸੁਰੱਖਿਆ ਫੋਰਸਾਂ ਸਿਰਫ ਐੱਸ. ਟੀ. ਸੀ. ਦੇ ਕਬਜ਼ੇ ’ਚੋਂ ਫੌਜੀ ਟਿਕਾਣਿਆਂ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਐੱਸ. ਟੀ. ਸੀ. ਯਮਨ ਦਾ ਇਕ ਵੱਖਵਾਦੀ ਸੰਗਠਨ ਹੈ, ਜੋ ਕਿ ਯਮਨ ਦੇ ਦੱਖਣੀ ਹਿੱਸੇ ਨੂੰ ਆਜ਼ਾਦ ਕਰਵਾਉਣ ਲਈ ਜੰਗ ਲੜ ਰਿਹਾ ਹੈ। ਇਸ ਸੰਗਠਨ ਨੂੰ ਯੂ.ਏ.ਈ. ਦੀ ਹਮਾਇਤ ਹਾਸਲ ਹੈ। ਸਾਊਦੀ ਅਰਬ ਨੇ ਮੰਗਲਵਾਰ ਸਵੇਰੇ ਯਮਨ ਦੇ ਮੁਕੱਲਾ ਪੋਰਟ ’ਤੇ ਬੰਬਾਰੀ ਕੀਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਯੂ.ਏ.ਈ. ਦੇ ਫੁਜੈਰਾ ਪੋਰਟ ਤੋਂ ਆਏ 2 ਜਹਾਜ਼ਾਂ ਰਾਹੀਂ ਇੱਥੇ ਹਥਿਆਰ ਅਤੇ ਫੌਜੀ ਵਾਹਨ ਉਤਾਰੇ ਜਾ ਰਹੇ ਸਨ। ਇਨ੍ਹਾਂ ਜਹਾਜ਼ਾਂ ਦੇ ਟ੍ਰੈਕਿੰਗ ਸਿਸਟਮ ਬੰਦ ਸਨ।


author

Inder Prajapati

Content Editor

Related News