ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਿਆਦ ’ਚ ਸਾਊਦੀ ਅਰਬ ਦੇ ਹਮਅਹੁਦਾ ਨਾਲ ਕੀਤੀ ‘ਸਾਰਥਕ’ ਗੱਲਬਾਤ
Monday, Sep 12, 2022 - 10:59 AM (IST)
ਰਿਆਦ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਨੂੰ ਸਾਊਦੀ ਆਪਣੇ ਹਮਅਹੁਦਾ ਪ੍ਰਿੰਸ ਫੈਜ਼ਲ ਬਿਨ ਫਰਹਾਨ ਨਾਲ ਗਰਮਜੋਸ਼ੀ ਭਰੀ ਸਾਰਥਕ ਗੱਲਬਾਤ ਕੀਤੀ। ਬੈਠਕ ਵਿਚ ਦੋਵਾਂ ਨੇਤਾਵਾਂ ਨੇ ਵਰਤਮਾਨ ਕੌਮਾਂਤਰੀ ਰਾਜਨੀਤਕ ਅਤੇ ਆਰਥਿਕ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਜੀ-20 ਅਤੇ ਹੋਰ ਬਹੁਪੱਖੀ ਸੰਗਠਨਾਂ ’ਚ ਮਿਲ ਕੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ। ਜੈਸ਼ੰਕਰ ਸਾਊਦੀ ਅਰਬ ਨਾਲ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਲਈ ਤਿੰਨ ਦਿਨਾਂ ਦੌਰੇ ’ਤੇ ਸ਼ਨੀਵਾਰ ਨੂੰ ਰਿਆਦ ਪਹੁੰਚੇ ਸਨ। ਵਿਦੇਸ਼ ਮੰਤਰੀ ਵਜੋਂ ਇਹ ਉਨ੍ਹਾਂ ਦੀ ਸਾਊਦੀ ਅਰਬ ਦੀ ਪਹਿਲੀ ਯਾਤਰਾ ਹੈ।
ਐਤਵਾਰ ਨੂੰ ਜੈਸ਼ੰਕਰ ਨੇ ਆਪਣੇ ਸਾਊਦੀ ਹਮਅਹੁਦਾ ਦੇ ਨਾਲ ਭਾਰਤ-ਸਾਊਦੀ ਅਰਬ ਰਣਨੀਤਕ ਭਾਈਵਾਲੀ ਪ੍ਰੀਸ਼ਦ ਦੇ ਢਾਂਚੇ ਤਹਿਤ ਸਥਾਪਿਤ ਸਿਆਸੀ, ਸੁਰੱਖਿਆ, ਸਮਾਜਿਕ ਅਤੇ ਸੱਭਿਆਚਾਰਕ ਸਹਿਯੋਗ ਕਮੇਟੀ ਦੀ ਪਹਿਲੀ ਮੰਤਰੀ ਪੱਧਰੀ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ। ਜੈਸ਼ੰਕਰ ਨੇ ਕਿਹਾ ਕਿ ਅਸੀਂ ਜੀ-20 ਅਤੇ ਹੋਰ ਬਹੁਪੱਖੀ ਸੰਗਠਨਾਂ ’ਚ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ ਹਾਂ। ਭਾਰਤ ਅਤੇ ਸਾਊਦੀ ਅਰਬ ’ਚ ਸਦੀਆਂ ਪੁਰਾਣੇ ਆਰਥਿਕ ਅਤੇ ਸਮਾਜਿਕ-ਸੱਭਿਆਚਾਰਕ ਸਬੰਧਾਂ ਦੇ ਨਾਲ ਸੁਹਿਰਦ ਅਤੇ ਦੋਸਤਾਨਾ ਸਬੰਧ ਹਨ। ਸਾਊਦੀ ਅਰਬ ਭਾਰਤ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।