ਪੂਰੀ ਸ਼ਰਧਾ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ ਯੂਰਪ ਦਾ 9ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ

Saturday, Aug 16, 2025 - 05:18 PM (IST)

ਪੂਰੀ ਸ਼ਰਧਾ ਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ ਯੂਰਪ ਦਾ 9ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ

ਰੋਮ (ਦਲਵੀਰ ਕੈਂਥ)- ਇਟਲੀ ਵਿੱਚ ਭਾਰਤੀ ਲੋਕਾਂ ਨੇ ਜਿੱਥੇ ਸਖ਼ਤ ਮਿਹਨਤ ਮੁਸ਼ਕਤ ਨਾਲ ਕਾਮਯਾਬੀ ਦੇ ਝੰਡੇ ਗੱਡੇ ਹਨ, ਉੱਥੇ ਹੀ ਹਰ ਸਾਲ ਅਨੇਕਾਂ ਅਜਿਹੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ ਜਿਹੜੇ ਕਿ ਸਰਬੱਤ ਦੇ ਭਲੇ ਲਈ ਹੀ ਹੁੰਦੇ ਹਨ। ਅਜਿਹਾ ਹੀ ਇਕ ਵਿਸ਼ਾਲ ਧਾਰਮਿਕ ਸਮਾਗਮ ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਹਿੰਦੂ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦਾ 9ਵਾਂ "ਮਾਂ ਭਗਵਤੀ ਜਾਗਰਣ" ਮਹਾਂਮਾਈ ਦੀ ਭਰਪੂਰ ਕਿਰਪਾ ਨਾਲ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ।

PunjabKesari

ਯੂਰਪ ਦੇ ਸਭ ਤੋਂ ਵਿਸ਼ਾਲ ਇਸ ਮਾਂ ਭਗਵਤੀ ਜਾਗਰਣ ਵਿੱਚ ਵਿਸ਼ਵ ਪ੍ਰਸਿੱਧ ਲੋਕ ਗਾਇਕ ਰਾਜੂ ਮਾਨ ਨੇ ਦਮਦਾਰ ਤੇ ਸੁਰੀਲੀ ਆਵਾਜ਼ ਨਾਲ ਮਾਤਾ ਰਾਣੀ ਦੇ ਦਰਬਾਰ 'ਤੇ ਆਪਣੀ ਸ਼ਰਧਾ ਭਰਪੂਰ ਹਾਜ਼ਰੀ ਲਵਾਈ ਤੇ ਪੰਡਾਲ ਦੀ ਸਮੂਹ ਸੰਗਤ ਨੂੰ ਮਾਤਾ ਰਾਣੀ ਦੇ ਭਗਤੀ ਰਸ ਵਿੱਚ ਨੱਚਣ ਲਗਾ ਦਿੱਤਾ। ਚਾਰ-ਚੁਫੇਰੇ 'ਜੈ ਮਾਤਾ ਦੀ' ਦੇ ਲੱਗ ਰਹੇ ਜੈਕਾਰੇ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ।

PunjabKesari

ਇਲਾਕੇ ਦੇ ਸਮੂਹ ਗੁਰਦੁਆਰਾ ਸਾਹਿਬ ਸਿੰਘ ਸਭਾ, ਸ੍ਰੀ ਗੁਰੂ ਰਵਿਦਾਸ ਸਭਾ ਤੇ ਹਿੰਦੂ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਮਾਂ ਭਗਵਤੀ ਜਾਗਰਣ ਵਿੱਚ ਭਰਵੀਂ ਹਾਜ਼ਰੀ ਲਗਵਾਈ ਗਈ। ਦੁਰਗਾ ਸ਼ਕਤੀ ਮਾਤਾ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀਆਂ ਸਭ ਸੰਗਤਾਂ ਦੀ ਇਸ ਮਹਾਮਾਈ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਭਾਗਾਂ ਭਰਿਆ ਸਮਾਂ ਮੁਕੱਦਰਾਂ ਨਾਲ ਹੀ ਮਿਲਦਾ ਹੈ, ਜਿਸ ਦਾ ਸਭ ਸੰਗਤਾਂ ਨੇ ਪੂਰਾ ਲਾਹਾ ਲਿਆ।

PunjabKesari

ਇਹ ਮਾਂ ਭਗਵਤੀ ਜਾਗਰਣ ਕਿਸੇ ਇੱਕ ਧਰਮ ਦਾ ਨਹੀ ਸਗੋ ਸਭ ਧਰਮਾਂ ਦਾ ਸਾਂਝਾ ਉਤਸਵ ਹੈ ਜਿਸ ਨੂੰ ਨੇਪਰੇ ਚਾੜਨ ਲਈ ਸਭ ਸੰਗਤ ਦਾ ਸਦਾ ਭਰਪੂਰ ਸਹਿਯੋਗ ਰਹਿੰਦਾ ਹੈ। ਇਸ ਮੌਕੇ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ। ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸਖਸੀਅਤਾਂ ਨੇ ਵੀ ਮਹਾਂਮਾਈ ਦੇ ਜਾਗਰਣ ਵਿੱਚ ਨਤਮਸਤਕ ਹੋ ਹਾਜ਼ਰੀ ਭਰੀ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News