ਇਟਲੀ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਆਗਮਨ ਪੁਰਬ ਮੌਕੇ ਲੱਗੀਆਂ ਭਾਰੀ ਰੌਣਕਾਂ
Monday, Feb 21, 2022 - 03:02 PM (IST)
ਰੋਮ (ਕੈਂਥ): ਜਦੋਂ ਹੱਕ ਅਤੇ ਸੱਚ ਦਾ ਹੋਕਾ ਦੇਣ ਵਾਲੇ ਇਨਕਲਾਬੀ ਯੋਧਿਆਂ ਨੂੰ ਮੌਕੇ ਦੀਆਂ ਹਾਕਮਧੀਰਾਂ ਵੱਲੋਂ ਸਦਾ ਲਈ ਚੁੱਪ ਕਰਵਾਉਣ ਲਈ ਸਜਾਏ ਮੌਤ ਦਿੱਤੀ ਜਾਂਦੀ ਸੀ, ਕੰਨਾਂ ਵਿੱਚ ਸਿੱਕਾ ਢਾਲਕੇ ਪਾਇਆ ਜਾਂਦਾ ਸੀ ਤੇ ਜੀਭ ਕੱਟ ਦਿੱਤੀ ਜਾਂਦੀ ਸੀ ਅਜਿਹੇ ਨਾਜੁਕ ਸਮੇਂ ਦੌਰਾਨ ਮਜ਼ਲੂਮਾਂ ਲਈ 14ਵੀਂ ਸਦੀ ਵਿੱਚ ਅਵਤਾਰ ਧਾਰਨ ਵਾਲੇ ਮਹਾਨ ਕ੍ਰਾਂਤੀਕਾਰੀ, ਇਨਕਲਾਬ ਦੇ ਮੋਢੀ, ਜੁਗ ਪਲਟਾਊ, ਸ਼੍ਰੋਮਣੀ ਸੰਤ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਆਗਮਨ ਪੁਰਬ ਇਟਲੀ ਦੇ ਸੂਬੇ ਲਾਸੀਓ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।
ਇਸ ਵਿੱਚ ਸੰਗਤਾਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਹਾਜ਼ਰੀ ਭਰੀ।ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਸਮੂਹ ਸੰਗਤ ਵੱਲੋਂ ਸਾਂਝੇ ਤੌਰ 'ਤੇ ਨਿਭਾਈ ਗਈ।ਇਸ ਪਵਿੱਤਰ ਦਿਹਾੜੇ ਮੌਕੇ ਆਰੰਭ ਸ੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਪ੍ਰਸਿੱਧ ਕੀਰਤਨੀ, ਰਾਗੀ, ਕੀਰਤਨੀਏ ਤੇ ਕਥਾਵਾਚਕਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਉਪਦੇਸ ਤੇ ਬਾਣੀ ਦੇ ਫਲਸਫੇ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ 23-24 ਫਰਵਰੀ ਨੂੰ ਕਰਨਗੇ ਰੂਸ ਦਾ ਦੌਰਾ, ਜਾਣੋ 23 ਸਾਲ ਬਾਅਦ ਯਾਤਰਾ ਦੀ ਖਾਸ ਵਜ੍ਹਾ
ਇਸ ਮੌਕੇ ਰਾਮ ਆਸਰਾ ਪ੍ਰਧਾਨ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਆਗਮਨ ਪੁਰਬ ਸਮਾਗਮ ਵਿੱਚ ਸਮੂਲੀਅਤ ਕਰਨ ਲਈ ਧੰਨਵਾਦ ਕਰਦਿਆਂ ਗੁਰਪੁਰਬ ਦੀ ਵਧਾਈ ਦਿੱਤੀ ਤੇ ਸਭ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਸੁਪਨ ਸ਼ਹਿਰ ਬੇਗਮ ਪੁਰਾ ਸ਼ਹਿਰ ਕੋ ਨਾਉ ਨੂੰ ਵਸਾਉਣ ਲਈ ਅੱਗੇ ਆਉਣ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਸਮਾਜ ਵਿੱਚ ਅਸਲ ਇਨਕਲਾਬ ਲਿਆਉਣ ਚਾਹੁੰਦੇ ਹਾਂ ਤਾਂ ਅੱਜ ਲੋੜ ਹੈ ਸਾਨੂੰ ਗੁਰੂ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨ ਦੀ ਤਦ ਹੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਮਕਸਦ ਸਾਰਥਕ ਹੋਵੇਗਾ।ਇਸ ਸਮਾਰੋਹ ਮੌਕੇ ਸਮੂਹ ਸੇਵਾਦਾਰਾਂ ਤੇ ਕੀਰਤਨੀ ਜੱਥਿਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਬਖ਼ਸੀਸ ਸਿਰਪਾਓ ਨਾਲ ਵਿਸੇ਼ਸ ਸਨਮਾਨ ਕੀਤਾ।ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਗੁਰੂ ਦੇ ਲੰਗਰ ਅਤੁੱਟ ਵਰਤੇ।