ਇਟਲੀ ਦੇ ਵਿਦੇਸ਼ੀ ਕਾਮਿਆਂ ਨੇ ਲਿਆ ਸੁੱਖ ਦਾ ਸਾਹ

03/28/2020 6:57:13 PM

ਮਿਲਾਨ (ਸਾਬੀ ਚੀਨੀਆ)- ਸਮੁੱਚਾ ਵਿਸ਼ਵ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ। ਸਰਕਾਰੀ ਅਦਾਰਿਆਂ ਦੇ ਬੰਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਟਲੀ ਰਹਿੰਦੇ ਬਹੁਤ ਸਾਰੇ ਭਾਰਤੀ ਆਪਣੀ ਮਿਆਦ ਖਤਮ ਹੋ ਰਹੀ ਪੀ. ਆਰ. (ਪ੍ਰਮੇਸੋ ਦੀ ਸਨਜੌਰਨੋ) ਨੂੰ ਲੈ ਕੇ ਵੱਡੀ ਚਿੰਤਾ ਵਿਚ ਹਨ ਪਰ ਸਰਕਾਰ ਵਲੋਂ ਜਾਰੀ ਕੀਤੇ ਨਵੇਂ ਕਾਨੂੰਨ ਮੁਤਾਬਿਕ ਵਿਦੇਸ਼ੀ ਕਾਮਿਆਂ ਦੀ ਪ੍ਰਮੇਸੋ ਦੀ ਸਨਜੌਰਨੋ ਨੂੰ 15 ਜੂਨ ਤੱਕ ਮਾਨਤਾ ਦੇ ਦਿੱਤੀ ਗਈ ਹੈ ਜਿਨ੍ਹਾਂ ਦੀ ਮਿਆਦ ਮੁੱਕ ਰਹੀ ਹੈ। ਦੱਸਣਯੋਗ ਹੈ ਕਿ ਇਟਲੀ ਵਿਚ ਹਰ ਦਿਨ ਲੱਖਾਂ ਦੀ ਗਿਣਤੀ ਵਿਚ ਵਿਦੇਸ਼ੀ ਆਪਣੇ ਪੇਪਰਾਂ ਨੂੰ ਰੀਨਿਊ ਕਰਵਾਉਣ ਲਈ ਡਾਕਖਾਨੇ, ਕਸਤੂਰੇ ਜਾ ਪੈਰਫਾਤੂਰੇ ਦੇ ਦਫਤਰਾਂ ਵਿਚ ਲੰਮੀਆਂ ਲਾਈਨਾਂ ਲਾ ਕੇ ਖੜ੍ਹਦੇ ਹਨ। ਇਸ ਇਕੱਠ ਨੂੰ ਘਟਾਉਣ ਲਈ ਗ੍ਰਹਿ ਮੰਤਰਾਲੇ ਵਲੋਂ ਹੁਕਮ ਦਿੱਤੇ ਗਏ ਕਿ ਪ੍ਰਮੇਸੋ ਦੀ ਸਨਜੌਰਨੋ ਨੂੰ 15 ਜੂਨ ਤੱਕ ਮਾਨਤਾ ਪ੍ਰਾਪਤ ਮੰਨਿਆ ਜਾਵੇ ਅਤੇ ਜਿਹੜੇ ਪ੍ਰਵਾਸੀ ਇਨ੍ਹੀਂ ਦਿਨਾਂ ਵਿਚ ਆਪਣੇ ਦੇਸ਼ ਛੁੱਟੀਆਂ ਕੱਟਣ ਗਏ, ਉੱਥੇ ਰਹਿ ਗਏ ਹਨ। ਉਹ 15 ਜੂਨ ਤੋਂ ਪਹਿਲਾਂ ਵਾਪਿਸ ਮੁੜ ਸਕਦੇ ਹਨ।

PunjabKesari
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਮੀਗ੍ਰੇਸ਼ਨ ਮਾਹਿਰ ਹਰਬਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਵਿਡ 19 ਤਹਿਤ ਲੱਗੀ ਐਮਰਜੈਂਸੀ ਨੂੰ ਧਿਆਨ ਵਿਚ ਰੱਖਦਿਆਂ ਅਜਿਹੇ ਹੁਕਮ ਜਾਰੀ ਕੀਤੇ ਗਏ ਹਨ, ਜਿਸ ਨਾਲ ਵਿਦੇਸ਼ੀ ਨਾਗਰਿਕਾਂ ਨੇ ਸੁੱਖ ਦਾ ਸਾਹ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਕੌਂਸਲ ਨਾਲ ਸਬੰਧਤ ਮਿਆਦ ਮੁੱਕ ਚੁੱਕੇ ਸਾਰੇ ਪੇਪਰਾਂ ਨੂੰ 31 ਅਗਸਤ ਤੱਕ ਮਾਨਤਾ ਪ੍ਰਾਪਤ ਮੰਨਿਆ ਜਾਵੇਗਾ। ਧਾਲੀਵਾਲ ਨੇ ਆਖਿਆ ਕਿ ਸਾਰੇ ਵਿਦੇਸ਼ੀ ਨਾਗਰਿਕ ਇਸ ਔਖੀ ਘੜੀ ’ਚ ਸਥਾਨਕ ਪ੍ਰਸ਼ਾਸਨ ਦੀ ਮਦਦ ਕਰਨ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ 3 ਹਜ਼ਾਰ ਯੂਰੋ ਦਾ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ।


Gurdeep Singh

Content Editor

Related News