ਇਟਲੀ ''ਚ ਲੁੱਟ-ਖੋਹ ਦਾ ਸ਼ਿਕਾਰ ਹੋਇਆ ਡਾਕਟਰ ਪਰਿਵਾਰ, ਔਰਤ ਦੇ ਵੱਢੇ ਕੰਨ
Wednesday, Sep 26, 2018 - 10:40 AM (IST)

ਰੋਮ (ਕੈਂਥ)— ਇਟਲੀ ਦੇ ਸ਼ਹਿਰ ਅਬਰੂਸੋ ਵਿਖੇ ਇਕ ਸਰਜਨ ਡਾਕਟਰ ਦੇ ਘਰ ਚਾਰ ਲੁਟੇਰਿਆਂ ਵੱਲੋਂ ਹਿੰਸਕ ਡਕੈਤੀ ਕੀਤੀ ਗਈ ਅਤੇ ਇਸ ਦੌਰਾਨ ਪਰਿਵਾਰ ਨੂੰ ਜ਼ਖਮੀ ਕਰ ਦਿੱਤਾ। ਇਸ ਦਰਦਨਾਕ ਘਟਨਾ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਇਲਾਕੇ ਦੇ ਮਸ਼ਹੂਰ ਸਰਜਨ ਡਾਕਟਰ ਕਾਰਲੋ ਮਰਤੇਲੀ (69) ਦੇ ਪਰਿਵਾਰ 'ਤੇ ਚਾਰ ਲੁਟੇਰਿਆਂ ਨੇ ਅੱਧੀ ਰਾਤ ਨੂੰ ਹਮਲਾ ਕਰ ਦਿੱਤਾ, ਉਸ ਸਮੇਂ ਉਨ੍ਹਾਂ ਦਾ ਸਾਰਾ ਪਰਿਵਾਰ ਸੁੱਤਾ ਪਿਆ ਸੀ।
ਲੁਟੇਰਿਆਂ ਨੇ ਡਾਕਟਰ ਦੇ ਘਰ ਦੀ ਲੁੱਟ ਕਰਨ ਤੋਂ ਬਾਅਦ ਉਸ ਨੂੰ ਕੁੱਟਿਆ ਅਤੇ ਉਸ ਦੀ ਘਰਵਾਲੀ ਦੇ ਦੋਵੇਂ ਕੰਨ ਕੱਟ ਦਿੱਤੇ ਪਰ ਇਸ ਸਾਰੀ ਕਾਰਵਾਈ ਵਿੱਚ ਡਾਕਟਰ ਦਾ ਅਪਾਹਜ ਪੁੱਤਰ ਬੱਚ ਗਿਆ। ਵਾਰਦਾਤ ਮਗਰੋਂ ਲੁਟੇਰੇ ਡਾਕਟਰ ਦੀ ਘਰਵਾਲੀ ਦੀ ਕਾਰ ਲੈ ਭੱਜ ਗਏ।
ਜ਼ਿਕਰਯੋਗ ਹੈ ਕਿ ਪੂਰੇ ਯੂਰਪ ਦਾ ਮਾਫ਼ੀਆ ਮਸ਼ਹੂਰ ਹੈ। ਇਟਲੀ ਦੇ ਸੂਬੇ ਕੰਪਾਨੀਆ ਦਾ ਸ਼ਹਿਰ ਨਾਪੋਲੀ 'ਚ ਤਾਂ ਲੁਟੇਰੇ ਲੋਕਾਂ ਦੇ ਘਰੋਂ ਵਾਹਨ ਚੋਰੀ ਕਰਕੇ ਲੈ ਜਾਂਦੇ ਹਨ ਅਤੇ ਵਾਪਸ ਦੇਣ ਲਈ ਮੋਟੀ ਰਕਮ ਮੰਗਦੇ ਹਨ। ਅਜਿਹਾ ਬਹੁਤ ਕੁੱਝ ਹੈ ਜਿਹੜਾ ਕਿ ਇਟਲੀ ਦੇ ਕਾਨੂੰਨ ਮੁਤਾਬਕ ਜੁਰਮ ਹੈ ਪਰ ਨਾਪੋਲੀ ਇਲਾਕੇ 'ਚ ਇਹ ਆਮ ਗੱਲ ਹੈ।
ਪੁਲਸ ਵੀ ਹੋਈ ਅਸਫਲ—
ਇੱਥੇ ਪੁਲਸ ਵੀ ਅਜਿਹੇ ਅਪਰਾਧਾਂ ਨੂੰ ਨੱਥ ਪਾਉਣ ਵਿੱਚ ਹੁਣ ਤੱਕ ਅਸਫ਼ਲ ਰਹੀ ਹੈ। ਇਟਲੀ ਦੇ ਕੁਝ ਸੂਬਿਆਂ ਵਿੱਚ ਗੈਂਗਸਟਰ ਵੀ ਪੂਰੇ ਜੋਬਨ 'ਤੇ ਹਨ। ਬੀਤੇ ਦਿਨੀਂ ਇੱਥੇ ਦੋ ਗੈਂਗਸਟਰਾਂ ਦੀ ਮੁੱਖ ਸੜਕ 'ਤੇ ਝੜਪ ਹੋ ਗਈ ਅਤੇ ਸ਼ਰੇਆਮ ਗੋਲੀਆਂ ਚੱਲੀਆਂ।