ਇਟਲੀ 'ਚ ਪੰਜਾਬੀਆਂ ਦੇ ਭੰਗੜੇ ਨੇ ਝੂਮਣ ਲਾਏ ਵਿਦੇਸ਼ੀ, ਸੱਭਿਆਚਾਰਕ ਮੇਲੇ ਨੇ ਬੰਨ੍ਹਿਆ ਰੰਗ

12/12/2017 3:40:15 PM

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਸਮਾਪਤ ਤਿੰਨ ਰੋਜ਼ਾ “ਇੰਟਰਨੈਸ਼ਨਲ ਮਲਟੀਕਲਚਰਲ ਫੈਸਟੀਵਲ'' ਵਿੱਚ ਪੰਜਾਬੀਆਂ ਦੇ ਲੋਕ-ਨਾਚ ਭੰਗੜੇ ਦੀ ਪ੍ਰਦਰਸ਼ਨੀ ਯਾਦਗਾਰੀ ਹੋ ਨਿੱਬੜੀ। ਇਸ ਨੂੰ ਵੇਖਕੇ ਵਿਦੇਸ਼ੀ ਵੀ ਪ੍ਰਭਾਵਿਤ ਹੋਏ ਅਤੇ ਭੰਗੜੇ ਦੀਆਂ ਚਾਲਾਂ 'ਤੇ ਝੂਮ ਉੱਠੇ। 'ਭੰਗੜਾ ਬੁਆਇਜ਼ ਐਂਡ ਗਰਲਜ਼ ਗਰੁੱਪ' ਇਟਲੀ
ਦੀ ਭੰਗੜਾ ਟੀਮ ਨੇ ਵੱਖ-ਵੱਖ ਪੰਜਾਬੀ ਗੀਤਾਂ 'ਤੇ ਅਜਿਹੇ ਪੱਬ ਥਰਕਾਏ ਕਿ ਦੇਖਣ ਵਾਲੇ ਮੰਤਰ ਮੁਗਧ ਹੋ ਗਏ ਅਤੇ ਅਸ਼-ਅਸ਼ ਕਰ ਉੱਠੇ। ਇਸ ਮੇਲੇ ਦੌਰਾਨ ਚੀਨ ,ਜਪਾਨ,ਕੋਰੀਆ ,ਜਰਮਨੀ, ਥਾਈਲੈਂਡ  ਆਦਿ ਮੁਲਕਾਂ ਦੇ ਕਲਾਕਾਰਾਂ ਵੱਲੋਂ ਵੀ ਆਪੋ-ਆਪਣੇ ਮੁਲਕਾਂ ਦੇ ਲੋਕ-ਨਾਚ ਪੇਸ਼ ਕੀਤੇ ਗਏ।
ਬੋਲੀ ਮਸਾਲਾ ਡਾਂਸ ਕੰਪਨੀ ਰੋਮ ਅਤੇ ਨਰਾਤਕੀ ਬਾਲੀਵੁੱਡ ਡਾਂਸ ਵੀ ਇਸ ਮੇਲੇ ਦਾ ਹਿੱਸਾ ਬਣੇ। ਇਸ ਮੌਕੇ ਅੰਤਰਰਾਸ਼ਟਰੀ ਕਲਾ-ਕ੍ਰਿਤੀ ਨੂੰ ਪ੍ਰਗਟਾਉਦੀਆਂ ਝਲਕਾਂ ਦੀ ਨੁਮਾਇਸ਼ ਲਗਾਈ ਗਈ ਅਤੇ ਵੱਖ -ਵੱਖ ਮੁਲਕਾਂ ਦੇ ਅਦੁਭੁੱਤ ਖਾਣਿਆਂ ਅਤੇ ਵੰਨ-ਸੁਵੰਨੇ ਪਦਾਰਥਾਂ ਦੇ ਸਟਾਲ ਲਗਾਏ ਗਏ। ਮੇਲੇ ਦੌਰਾਨ ਵਿਸ਼ਵ ਭਰ ਦੇ ਕਲਾ ਪ੍ਰੇਮੀਆਂ ਤੇ ਵਪਾਰੀਆਂ ਨੇ ਸ਼ਿਰਕਤ ਕੀਤੀ। ਸਮਾਪਤੀ ਸਮਾਰੋਹ ਬਹੁਤ ਹੀ ਪ੍ਰਭਾਵਸ਼ਾਲੀ ਤੇ ਦੇਖਣਯੋਗ ਸੀ।


Related News