ਇਟਲੀ ’ਚ ਪੰਜਾਬੀ ਨੌਜਵਾਨ ਨੇ ਵਿੱਦਿਅਕ ਖੇਤਰ ’ਚ ਵਧਾਇਆ ਮਾਣ, ਹਾਸਲ ਕੀਤੀ ਇਹ ਪ੍ਰਾਪਤੀ
Sunday, Jul 09, 2023 - 01:57 AM (IST)

ਰੋਮ/ਇਟਲੀ (ਦਲਵੀਰ ਕੈਂਥ, ਟੇਕ ਚੰਦ ਜਗਤਪੁਰ) : ਇਟਲੀ ਵਿਚ ਭਾਰਤੀ ਬੱਚੇ ਵਿੱਦਿਅਕ ਖੇਤਰਾਂ ’ਚ ਲਗਾਤਾਰ ਅੱਵਲ ਆ ਕੇ ਹੋਰ ਤਾਂ ਹੋਰ ਇਟਾਲੀਅਨ ਬੱਚਿਆਂ ਨੂੰ ਵੀ ਪੜ੍ਹਾਈ ਵਾਲੀ ਦੌੜ ਵਿਚ ਆਪਣੇ ਨੇੜੇ-ਤੇੜੇ ਵੀ ਫੜਕਣ ਨਹੀਂ ਦੇ ਰਹੇ, ਜਿਸ ਨੂੰ ਦੇਖ ਇਟਾਲੀਅਨ ਅਧਿਆਪਕ ਵੀ ਗਦ-ਗਦ ਹੋ ਗਏ ਹਨ। ਅਜਿਹਾ ਹੀ ਨੌਜਵਾਨ ਹੈ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਨਸੂਦਪੁਰ (ਨੇੜੇ ਮੁਕੇਰੀਆਂ) ਦੇ ਰਾਜਪਾਲ ਸਿੰਘ ਤੇ ਬੀਬੀ ਸਿਮਰਨ ਕੌਰ ਦਾ ਲਾਡਲਾ ਸਪੁੱਤਰ ਯੁਵਰਾਜ ਸਿੰਘ (20), ਜਿਸ ਨੇ ਲਾਕੂਲਾ ਸਨਤੀਫੀਕੋ ਇੰਟਰਨੈਸ਼ਨਲ ਸਕੂਲ ’ਚ ਅੰਤਰਰਾਸ਼ਟਰੀ ਵਿਗਿਆਨ ਵਿਸ਼ੇ ’ਚੋਂ 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਥਾਨਕ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਇਟਲੀ ’ਚ ਰੂਹ ਕੰਬਾਊ ਹਾਦਸੇ ਨੇ ਉਜਾੜਿਆ ਪਰਿਵਾਰ, 2 ਸਾਲਾ ਬੱਚੇ ਸਣੇ 3 ਜੀਆਂ ਦੀ ਦਰਦਨਾਕ ਮੌਤ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਾਪਿਆਂ ਪਿਤਾ ਰਾਜਪਾਲ ਸਿੰਘ ਤੇ ਮਾਤਾ ਸਿਮਰਨ ਕੌਰ ਨੇ ਦੱਸਿਆ ਕਿ ਯੁਵਰਾਜ ਸਿੰਘ 2007 ਵਿਚ ਪੰਜਾਬ ਤੋਂ ਇਟਲੀ ਆਇਆ । ਇਟਾਲੀਅਨ ਸਕੂਲ ’ਚ ਆਪਣੀ ਪੜ੍ਹਾਈ ਨੂੰ ਅੱਗੇ ਤੋਰਦਿਆਂ ਅੱਜ ਅੰਤਰਰਾਸ਼ਟਰੀ ਵਿਗਿਆਨ ਵਿਸ਼ੇ ’ਚੋਂ 13ਵੀਂ ਜਮਾਤ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅੱਜ ਉਨ੍ਹਾਂ ਨੂੰ ਖੁਸ਼ੀ ਵੀ ਹੋ ਰਹੀ ਹੈ ਅਤੇ ਆਪਣੇ ਪੁੱਤਰ ’ਤੇ ਮਾਣ ਵੀ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਟਲੀ ’ਚ ਸਥਾਨਕ ਬੱਚਿਆਂ ਨੂੰ ਵਿੱਦਿਆ ਦੇ ਖੇਤਰ ਵਿਚ ਮਾਤ ਦੇਣੀ ਉਹ ਸਮਝਦੇ ਹਨ ਕਿ ਇਕ ਵੱਡੀ ਗੱਲ ਹੈ। ਵਿਦਿਆਰਥੀ ਯੁਵਰਾਜ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਇਟਲੀ ਦੇ ਸੂਬਾ ਅਰਬੂਜੋ ਦੇ ਜ਼ਿਲ੍ਹਾ ਲਾਕੂਲਾ ਦੇ ਸ਼ਹਿਰ ਸਕੋਪੀਤੋ ਵਿਖੇ ਰਹਿ ਰਿਹਾ ਹੈ ਅਤੇ ਇਸ ਮੁਕਾਮ ਤੱਕ ਪਹੁੰਚਣ ਲਈ ਉਸ ਦੇ ਸਾਰੇ ਪਰਿਵਾਰ ਦਾ ਸਾਥ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ’ਚ ਜਹਾਜ਼ ਹੋਇਆ ਹਾਦਸਾਗ੍ਰਸਤ, 6 ਲੋਕਾਂ ਦੀ ਹੋਈ ਮੌਤ
ਉਸ ਨੇ ਇਟਲੀ ਵਿਚ ਰਹਿਣ ਵਸੇਰਾ ਕਰ ਰਹੇ ਭਾਰਤੀ ਭਾਈਚਾਰੇ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵਿੱਦਿਆ ਦੇ ਖੇਤਰ ਵਿਚ ਉਚੇਰੀ ਸਿੱਖਿਆ ਜ਼ਰੂਰ ਦਿਵਾਉਣ ਕਿਉਂਕਿ ਜੇਕਰ ਉਨ੍ਹਾਂ ਦੇ ਬੱਚੇ ਇਟਲੀ ਵਿਚ ਉੱਚ ਪੱਧਰੀ ਸਿੱਖਿਆ ਹਾਸਲ ਕਰਨਗੇ ਤਾਂ ਹੀ ਇਕ ਦਿਨ ਭਵਿੱਖ ਵਿਚ ਭਾਰਤੀਆਂ ਦੇ ਬੱਚੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਨੌਕਰੀਆਂ ਹਾਸਲ ਕਰ ਸਕਦੇ ਹਨ। ਦੱਸਣਯੋਗ ਹੈ ਕਿ ਯੁਵਰਾਜ ਸਿੰਘ ਨੇ ਭਵਿੱਖ ਲਈ ਯੂਨੀਵਰਸਿਟੀ ਤੋਂ ਕੰਪਿਊਟਰ ਇੰਜੀਨੀਅਰ ਦੀ ਉੱਚ ਪੱਧਰੀ ਸਿੱਖਿਆ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਕੰਪਿਊਟਰ ਇੰਜੀਨੀਅਰ ਦੀ ਉੱਚ ਪੱਧਰੀ ਸਿੱਖਿਆ (ਡਿਗਰੀ) ਹਾਸਲ ਕਰਕੇ ਇਟਲੀ ਵਿਚ ਸਰਕਾਰੀ ਜਾਂ ਗ਼ੈਰ-ਸਰਕਾਰੀ ਨੌਕਰੀ ਪ੍ਰਾਪਤ ਕਰਕੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਹਰ ਸੰਭਵ ਮਦਦ ਕਰਨਾ ਚਾਹੁੰਦਾ ਹੈ।