ਜੁਸੇਪੇ ਕੌਂਤੇ ਵਲੋਂ ਬਹੁਮਤ ਪੇਸ਼ ਕਰਨ ਮਗਰੋਂ ਵੀ ਸਿਆਸੀ ਸੰਕਟ ਬਰਕਰਾਰ
Thursday, Jan 21, 2021 - 08:26 PM (IST)
ਰੋਮ, (ਦਲਵੀਰ ਕੈਂਥ)- ਇਟਲੀ ਵਿਚ ਚੱਲ ਰਿਹਾ ਸਿਆਸੀ ਸੰਕਟ ਅਜੇ ਟਲਿਆ ਨਹੀਂ ਹੈ। ਇਸ ਦੀ ਵਜ੍ਹਾ ਇਟਲੀ ਦੀ ਗਠਜੋੜ ਸਰਕਾਰ ਦੇ ਸਹਿਯੋਗੀ ਮੰਤਰੀਆਂ ਵਲੋਂ ਦਿੱਤੇ ਅਸਤੀਫ਼ੇ ਸੀ। ਭਾਵੇਂ ਜੁਸੇਪੇ ਕੌਂਤੇ ਨੇ ਦੋਹਾਂ ਸਦਨਾਂ ਸੈਨੇਟ ਅਤੇ 'ਦਿ ਚੈਂਬਰ ਆਫ ਡਿਪਟੀਜ਼' ਵਿਚ ਬਹੁਮਤ ਹਾਸਲ ਕਰ ਲਿਆ ਹੈ ਪਰ ਫਿਰ ਵੀ ਇਟਲੀ ਦਾ ਸਿਆਸੀ ਸੰਕਟ ਹਾਲੇ ਵੀ ਬਰਕਰਾਰ ਨਜ਼ਰ ਆ ਰਿਹਾ ਹੈ।
ਅਜੇ ਵੀ ਕੌਂਤੇ ਸਰਕਾਰ ਕੋਲ ਉਸ ਦੇ ਲਈ ਸਹਿਯੋਗੀਆਂ ਦੀ ਕਮੀ ਦਿਖਾਈ ਦੇ ਰਹੀ ਹੈ ਅਤੇ ਬਹੁਮਤ ਲਈ ਪੂਰੇ ਅੰਕੜੇ ਨਾ ਹੋਣ ਕਰਕੇ ਵੀ ਇਟਲੀ ਦੀਆਂ ਵਿਰੋਧੀ ਧਿਰਾਂ ਕੌਂਤੇ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। ਬੀਤੇ ਦਿਨ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਇਟਲੀ ਦੇ ਰਾਸ਼ਟਰਪਤੀ ਸੈਰ ਜੀਓ ਮਤਾਰੇਲਾ ਨੂੰ ਮਿਲੇ, ਜਿੱਥੇ ਕਿ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿਚ ਆਪਣੀ ਸਰਕਾਰ ਨੂੰ ਸਥਿਰ ਕਰਨ ਦੀ ਗੱਲ ਕਹੀ ਹੈ ਪਰ ਇਟਾਲੀਆ ਵੀਵਾ ਪਾਰਟੀ ਦੇ ਪ੍ਰਧਾਨ ਰੇਨਸੀ ਕੌਂਤੇ ਵਿਰੋਧੀਆਂ ਨਾਲ ਮਿਲ ਕੇ ਕੌਂਤੇ ਨੂੰ ਠਿੱਬੀ ਮਾਰਨ ਦਾ ਪੂਰਾ ਜ਼ੋਰ ਲਗਾ ਰਹੇ ਹਨ।
ਜੇਕਰ ਕੌਂਤੇ ਆਪਣੀ ਸਥਿਤੀ ਮਜ਼ਬੂਤ ਬਣਾਉਣ ਵਿਚ ਸਫ਼ਲ ਨਾ ਹੋਏ ਤਾਂ ਹੋ ਸਕਦਾ ਵਿਰੋਧੀ ਧਿਰ ਕੌਂਤੇ ਨੂੰ ਮਾਤ ਦੇਣ ਵਿਚ ਕਾਮਯਾਬ ਹੋ ਸਕਦੀ ਹੈ । ਸਿਆਸੀ ਮਾਹਰਾਂ ਨੂੰ ਇੰਝ ਲੱਗ ਰਿਹਾ ਸੀ ਕਿ ਇਟਲੀ ਸਰਕਾਰ ਦਾ ਸੱਤਾ ਸੰਕਟ ਹੁਣ ਖ਼ਤਮ ਹੋ ਗਿਆ ਹੈ ਪਰ ਅਸਲ ਵਿਚ ਜਦੋਂ ਤੱਕ ਕੌਂਤੇ ਦੇ ਹਿਮਾਇਤੀਆਂ ਦੀ ਗਿਣਤੀ ਸੰਵਿਧਾਨਿਕ ਤੌਰ 'ਤੇ ਪੂਰੀ ਨਹੀਂ ਹੋ ਜਾਂਦੀ ਉਂਦੋ ਤੱਕ ਉਸ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਵਾਲੀ ਕੁਰਸੀ ਖ਼ਤਰੇ ਵਿਚ ਹੀ ਹੈ ।
ਆਸ ਪ੍ਰਗਟਾਈ ਜਾ ਰਹੀ ਹੈ ਕਿ ਇਹ ਸਿਆਸੀ ਸੰਕਟ ਹੁਣ ਜਾਂ ਤਾਂ ਬਿਲਕੁਲ ਸ਼ਾਂਤ ਹੋ ਜਾਵੇਗਾ ਜਾਂ ਫਿਰ ਨਵੀਂ ਸਰਕਾਰ ਬਣਾ ਕੇ ਹੀ ਖ਼ਤਮ ਹੋਵੇਗਾ। ਇਸ ਸੰਕਟ ਤੋਂ ਇਟਾਲੀਅਨ ਲੋਕ ਕਾਫ਼ੀ ਚਿੰਤਕ ਦਿਖਾਈ ਦੇ ਰਹੇ ਹਨ ਕਿਉਂਕਿ ਇਕ ਤਾਂ ਪਹਿਲਾਂ ਹੀ ਕੋਰੋਨਾ ਨੇ ਇਟਲੀ ਦਾ ਜਾਨੀ ਤੇ ਮਾਲੀ ਪੱਧਰ 'ਤੇ ਭਾਰੀ ਨੁਕਸਾਨ ਕੀਤਾ ਹੋਇਆ ਹੈ। ਦੂਜਾ, ਅਜਿਹੇ ਸਮੇਂ ਨਵੇਂ ਸਾਲ ਦੇ ਪਹਿਲੇ ਮਹੀਨੇ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਲੜਖੜਾਉਣਾ ਇਟਲੀ ਵਾਸੀਆਂ ਲਈ ਸ਼ੁੱਭ ਸੰਕੇਤ ਨਹੀਂ ਹਨ।