ਇਟਲੀ ਪੁਲਸ ਨੇ ਲੱਭੀਆਂ ਇਕ ਸਾਲ ਪਹਿਲਾਂ ਚੋਰੀ ਹੋਈਆਂ ਪੇਂਟਿੰਗਜ਼
Saturday, Jul 21, 2018 - 04:51 PM (IST)

ਰੋਮ,(ਏਜੰਸੀ)— ਇਟਲੀ ਦੀ ਪੁਲਸ ਦੇ ਹੱਥ ਸ਼ੁੱਕਰਵਾਰ ਨੂੰ ਵੱਡੀ ਕਾਮਯਾਬੀ ਲੱਗੀ ਹੈ। ਪੁਲਸ ਨੇ ਪਿਛਲੇ ਸਾਲ ਲੁੱਟੀਆਂ ਗਈਆਂ ਦੋ ਮਹਿੰਗੀਆਂ ਪੇਂਟਿੰਗਜ਼ ਲੱਭ ਲਈਆਂ ਹਨ। ਉਨ੍ਹਾਂ ਨੂੰ 'ਰੇਨੀਅਰ' ਅਤੇ 'ਰੁਬੇਨਜ਼' ਨਾਂ ਦੀਆਂ ਦੋ ਪੇਂਟਿੰਗਜ਼ ਮੋਨਜ਼ ਸ਼ਹਿਰ 'ਚੋਂ ਲੱਭੀਆਂ ਹਨ। ਪੁਲਸ ਨੇ ਦੱਸਿਆ ਕਿ ਅਪ੍ਰੈਲ 2017 'ਚ ਇਕ ਵਪਾਰੀ ਕੋਲੋਂ ਪੇਂਟਿੰਗ ਖਰੀਦਣ ਆਏ ਦੋ ਲੁਟੇਰਿਆਂ ਨੇ 26 ਲੱਖ ਯੂਰੋ (30 ਮਿਲੀਅਨ ਅਮਰੀਕੀ ਡਾਲਰ) ਦੀਆਂ ਦੋ ਪੇਂਟਿੰਗਜ਼ ਖਰੀਦਣ ਲਈ ਜਾਅਲੀ ਸਮਝੌਤਾ ਕੀਤਾ ਸੀ। ਜਿਵੇਂ ਹੀ ਡੀਲਰ ਦਾ ਧਿਆਨ ਦੂਜੇ ਪਾਸੇ ਗਿਆ ਤਾਂ ਉਹ ਇਨ੍ਹਾਂ ਮਹਿੰਗੀਆਂ ਪੇਂਟਿੰਗਜ਼ ਨੂੰ ਚੁੱਕ ਕੇ ਫਰਾਰ ਹੋ ਗਏ। ਪੁਲਸ ਨੂੰ ਇਹ ਪੇਂਟਿੰਗਜ਼ ਇਕ ਵੇਅਰਹਾਊਸ 'ਚੋਂ ਮਿਲੀਆਂ ਹਨ।
ਪੁਲਸ ਨੇ ਕਿਹਾ ਕਿ ਇਸ ਧੋਖਾਧੜੀ 'ਚ 8 ਵਿਅਕਤੀ ਸ਼ਾਮਲ ਸਨ। ਪੁਲਸ ਨੇ 4 ਇਤਾਲਵੀ ਅਤੇ ਇਕ ਕ੍ਰੋਸ਼ੀਆਈ ਨਾਗਰਿਕ ਅਤੇ 3 ਹੋਰਾਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਕ ਸ਼ੱਕੀ ਦੀ ਪਛਾਣ ਕ੍ਰੋਸ਼ੀਆ ਦੇ ਰਹਿਣ ਵਾਲੇ ਨੈਨੇਡ ਜੋਵੈਨੋਵਿਕ ਵਜੋਂ ਕੀਤੀ ਗਈ ਹੈ, ਜਿਸ ਦੀ ਉਮਰ ਲੱਗਭਗ 44 ਸਾਲ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਪੇਂਟਿੰਗਜ਼ 18ਵੀਂ ਅਤੇ 16ਵੀਂ ਸਦੀ ਨਾਲ ਸਬੰਧਤ ਹਨ। ਪੁਲਸ ਨੇ ਕਿਹਾ ਕਿ ਪੇਂਟਿੰਗਜ਼ ਨੂੰ ਉਨ੍ਹਾਂ ਦੇ ਮਾਲਕ ਕੋਲ ਭੇਜਣ ਤੋਂ ਪਹਿਲਾਂ ਵਿਸ਼ੇਸ਼ ਮਾਹਿਰ ਇਨ੍ਹਾਂ ਦੀ ਜਾਂਚ ਕਰਨਗੇ।