ਇਟਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਇਨ੍ਹਾਂ ਦੇਸ਼ਾਂ ਦੇ ਸੈਲਾਨੀਆਂ ਲਈ ਖੋਲ੍ਹੇ ਬੂਹੇ
Wednesday, Jun 23, 2021 - 05:36 PM (IST)
ਇੰਟਰਨੈਸ਼ਨਲ ਡੈਸਕ : ਇਟਲੀ ਦੀ ਸਰਕਾਰ ਨੇ ਦੇਸ਼ ਦੇ ਹੋਟਲ ਤੇ ਰੈਸਟੋਰੈਂਟਾਂ ਨਾਲ ਸਬੰਧਤ ਕਾਰੋਬਾਰ ’ਚ ਨਵੀਂ ਜਾਨ ਫੂਕਣ ਲਈ ਅਮਰੀਕਾ, ਕੈਨੇਡਾ ਤੇ ਜਾਪਾਨ ਦੇ ਸੈਲਾਨੀਆਂ ਨੂੰ ਦੇਸ਼ ’ਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਮਾਰੀਓ ਡ੍ਰਾਗੀ ਨੇ ਬੁੱਧਵਾਰ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲ ਹੀ ’ਚ ਇਟਲੀ ਨੇ ਇਨ੍ਹਾਂ ਤਿੰਨ ਦੇਸ਼ਾਂ ਦੇ ਸੈਲਾਨੀਆਂ ਨੂੰ ਸੈਰ-ਸਪਾਟੇ ਲਈ ਆਉਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਕੋਰੋਨਾ ਕਾਰਨ ਇਸ ਦੀ ਇਜਾਜ਼ਤ ਨਹੀਂ ਸੀ। ਇਟਲੀ ਆਉਣ ਵਾਲੇ ਸੈਲਾਨੀਆਂ ਲਈ ਟੀਕਾ ਲਗਵਾਉਣਾ, ਬੀਮਾਰੀ ਤੋਂ ਉਭਰਨ ਦਾ ਸਰਟੀਫਿਕੇਟ ਹੋਣਾ ਤੇ ਦੇਸ਼ ’ਚ ਦਾਖਲ ਹੋਣ ਤੋਂ 48 ਘੰਟੇ ਪਹਿਲਾਂ ਕਰਵਾਈ ਗਈ ਕੋਰੋਨਾ ਜਾਂਚ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਯਾਤਰੀਆਂ ਲਈ ਰਾਹਤ ਭਰੀ ਖਬਰ : UAE ਲਈ ਅੱਜ ਤੋਂ ਸ਼ੁਰੂ ਹੋਈਆਂ ਫਲਾਈਟਾਂ, ਰੱਖੀਆਂ ਇਹ ਸ਼ਰਤਾਂ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਸੁਰੱਖਿਅਤ ਤਰੀਕੇ ਨਾਲ ਇਟਲੀ ਆਉਣ ਤਾਂ ਕਿ ਸਾਡੇ ਹੋਟਲ ਤੇ ਰੈਸਟੋਰੈਂਟ ਨਾਲ ਸਬੰਧਤ ਕਾਰੋਬਾਰ ਨੂੰ ਡੇਢ ਸਾਲ ਦੀਆਂ ਮੁਸ਼ਕਿਲਾਂ ਤੋਂ ਬਾਅਦ ਹਾਲਾਤ ਪਟੜੀ ’ਤੇ ਲਿਆਉਣ ’ਚ ਮਦਦ ਮਿਲੇ। ਇਟਲੀ ਦੇ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਸੈਲਾਨੀਆਂ ਦਾ ਹਿੱਸਾ 13 ਫੀਸਦੀ ਹੈ। ਅਨੇਕ ਹੋਟਲ ਤੇ ਰੈਸਟੋਰੈਂਟ ਮਹੀਨਿਆਂ ਤੋਂ ਬੰਦ ਹਨ ਤੇ ਕੁਝ ਅਜਿਹੇ ਹੋਟਲ ਅਜੇ ਵੀ ਖੁੱਲ੍ਹਣੇ ਬਾਕੀ ਹਨ, ਜਿਥੇ ਅਮਰੀਕੀ ਸੈਲਾਨੀ ਵੱਡੀ ਗਿਣਤੀ ’ਚ ਆਉਂਦੇ ਹਨ।