ਹੁਣ ਇਟਲੀ ''ਚ ਫਲਸਤੀਨ ਦੇ ਪੱਖ ''ਚ ਸੜਕਾਂ ''ਤੇ ਉਤਰੇ ਲੱਖਾਂ ਨੌਜਵਾਨ, ਪ੍ਰਦਰਸ਼ਨ ਦੌਰਾਨ ਟ੍ਰੇਨਾਂ ਤੇ ਸਕੂਲ ਕਰਵਾਏ ਬੰਦ

Tuesday, Sep 23, 2025 - 04:12 AM (IST)

ਹੁਣ ਇਟਲੀ ''ਚ ਫਲਸਤੀਨ ਦੇ ਪੱਖ ''ਚ ਸੜਕਾਂ ''ਤੇ ਉਤਰੇ ਲੱਖਾਂ ਨੌਜਵਾਨ, ਪ੍ਰਦਰਸ਼ਨ ਦੌਰਾਨ ਟ੍ਰੇਨਾਂ ਤੇ ਸਕੂਲ ਕਰਵਾਏ ਬੰਦ

ਰੋਮ (ਦਲਵੀਰ ਸਿੰਘ ਕੈਂਥ) : ਇਟਾਲੀਅਨ ਲੋਕ ਹਮੇਸ਼ਾ ਹੀ ਇਨਸਾਫ਼ ਪਸੰਦ ਲੋਕ ਹਨ ਅਤੇ ਇਨਸਾਫ਼ ਲਈ ਸਮੇਂ-ਸਮੇਂ 'ਤੇ ਆਪਣੀ ਆਵਾਜ਼ ਵੀ ਬੁਲੰਦ ਕਰਦੇ ਰਹਿੰਦੇ ਹਨ। ਕੁਝ ਅਜਿਹਾ ਹੀ ਮਾਹੌਲ ਅੱਜ ਪੂਰੀ ਇਟਲੀ ਵਿੱਚ ਦੇਖਣ ਨੂੰ ਮਿਲਿਆ, ਜਿਸ ਵਿੱਚ ਪੂਰੇ ਇਟਲੀ 'ਚ ਇਟਾਲੀਅਨ ਨੌਜਵਾਨ ਮੁੰਡੇ-ਕੁੜੀਆਂ ਨੇ ਸੜਕਾਂ 'ਤੇ ਉੱਤਰ ਕੇ ਫਲਸਤੀਨ ਪੱਖੀ ਵਿਸ਼ਾਲ ਰੋਸ ਪ੍ਰਦਰਸ਼ਨ ਹੀ ਨਹੀਂ ਕੀਤਾ, ਸਗੋਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਹ ਵਿਸ਼ਾਲ ਰੋਸ ਪ੍ਰਦਰਸ਼ਨ ਇਟਲੀ ਦੇ ਉੱਤਰ ਤੋਂ ਦੱਖਣ ਤੱਕ ਦੇਖਣ ਨੂੰ ਮਿਲਿਆ, ਜਿਸ ਵਿੱਚ ਮਿਲਾਨ ਤੋਂ ਰੋਮ ਤੱਕ ਲੋਕਾਂ ਦੇ ਵੱਡੇ ਹਜੂਮ ਖਰਾਬ ਮੌਸਮ ਦੇ ਹੁੰਦਿਆਂ ਵੀ ਵੱਡੀ ਭੀੜ ਦੇ ਰੂਪ ਵਿੱਚ ਪੁਲਸ ਪ੍ਰਸ਼ਾਸਨ ਲਈ ਮੁਸੀਬਤ ਬਣੇ ਰਹੇ। 

ਇਟਲੀ ਦੇ ਆਮ ਲੋਕਾਂ ਦਾ ਗਾਜ਼ਾ ਲਈ ਵਿਸ਼ਾਲ ਹੜਤਾਲ ਵਾਂਗਰ ਸੜਕਾਂ 'ਤੇ ਉੱਤਰ ਕੇ ਲਾਮਬੰਦੀ ਰਾਹੀਂ ਪਹਿਲਾਂ ਰੇਲ ਗੱਡੀਆਂ, ਜਨਤਕ ਆਵਾਜਾਈ ਅਤੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਬਾਅਦ ਵਿੱਚ ਪ੍ਰਮੁੱਖ ਸ਼ਹਿਰਾਂ ਦੀਆਂ ਗਲੀਆਂ ਵਿੱਚ ਵੱਡੇ ਇਕੱਠ ਦੁਆਰਾ ਪੈਦਲ ਚੱਲਦਿਆਂ ਕਈ ਜਗ੍ਹਾ ਧਰਨੇ ਲਗਾ ਕੇ ਵੀ ਨਾਅਰੇ ਲਗਾਏ ਗਏ। ਇਸ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਜਿੱਥੇ ਭੱਖਵਾਂ ਅਸਰ ਰੋਮ ਵਿੱਚ ਦੇਖਣ ਨੂੰ ਮਿਲਿਆ, ਉੱਥੇ ਮਿਲਾਨ ਵਿੱਚ ਪ੍ਰਦਰਸ਼ਨਕਾਰੀਆਂ ਦੀਆਂ ਪੁਲਸ ਨਾਲ ਝੜਪਾਂ ਵੀ ਹੋਈਆਂ। ਇਨਸਾਫ਼ ਲਈ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀ ਯੂਨੀਅਨ ਸਿੰਦਾਕਾਲੇ ਦੇ ਸੱਦੇ 'ਤੇ ਦੇਸ਼ ਭਰ ਵਿੱਚ ਹੋਇਆ ਇਹ ਰੋਸ ਪ੍ਰਦਰਸ਼ਨ ਸਾਰਾ ਦਿਨ ਪ੍ਰਸ਼ਾਸਨ ਲਈ ਸਿਰਦਰਦੀ ਬਣਿਆ ਰਿਹਾ ਅਤੇ ਪੁਲਸ ਇਨ੍ਹਾਂ ਨੂੰ ਕੰਟਰੋਲ ਕਰਨ ਵਿੱਚ ਲੱਗੀ ਰਹੀ।

ਮਿਲਾਨ ਪੁਲਸ ਅਨੁਸਾਰ ਸ਼ਹਿਰ ਵਿੱਚ 10,000 ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ। ਇਹ ਵਿਸ਼ਾਲ ਇੱਕਠ ਜਿਹੜਾ ਇਹ ਕਹਿ ਰਿਹਾ ਸੀ ਕਿ ਉਹ ਇੱਥੇ ਇਜ਼ਰਾਈਲ ਨੂੰ ਰੋਕਣ ਲਈ ਆਏ ਹਨ, ਉਹ ਇੱਥੇ ਘਿਨਾਉਣੇ ਸਿਸਟਮ ਨੂੰ ਰੋਕਣ ਲਈ ਸਦਾ ਇਸ ਤਰ੍ਹਾਂ ਹੀ ਕੋਸ਼ਿਸ਼ ਕਰਦੇ ਰਹਿਣਗੇ। ਰੋਮ ਵਿੱਚ ਵੀ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਜਿਹਨਾਂ ਵਿੱਚ ਬਹੁਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ, ਸਵੇਰੇ 8 ਵਜੇ ਤੋਂ ਰਾਜਧਾਨੀ ਦੇ ਮੁੱਖ ਸਕੂਲਾਂ ਦੇ ਸਾਹਮਣੇ ਇਕੱਠੇ ਹੋ ਕੇ ਬੇਇਨਸਾਫ਼ੀ ਖਿਲਾਫ਼ ਲਾਮਬੰਦ ਹੋਣ ਦਾ ਪ੍ਰਣ ਕਰਦੇ ਦਿਖਾਈ ਦਿੱਤੇ। ਯੂਨੀਅਨ ਸਿੰਦਾਕਾਲੇ ਦਾ ਇਹ ਦੇਸ਼ ਭਰ ਵਿੱਚ ਵਿੱਢਿਆ ਇਹ ਵਿਸ਼ਾਲ ਰੋਸ ਪ੍ਰਦਰਸ਼ਨ ਫਲਸਤੀਨੀ ਲੋਕਾਂ ਨਾਲ ਏਕਤਾ ਅਤੇ ਗਾਜ਼ਾ ਵਿੱਚ ਹੋ ਰਹੀ ਨਸਲਕੁਸ਼ੀ ਦੇ ਵਿਰੁੱਧ ਆਮ ਲੋਕਾਂ ਦਾ ਖੜ੍ਹਨ ਦਾ ਡੱਟਵਾਂ  ਐਲਾਨ ਸੀ ਜਿਸ ਨੂੰ ਇਟਲੀ ਭਰ ਵਿੱਚੋਂ ਲੱਖਾਂ ਨੌਜਵਾਨਾਂ ਨੇ ਭਰਪੂਰ ਸਾਥ ਦਿੱਤਾ। ਪੁਲਸ ਅਨੁਸਾਰ ਰੋਮ ਵਿੱਚ 1 ਲੱਖ ਤੋਂ ਉੱਪਰ ਪ੍ਰਦਰਸ਼ਨਕਾਰੀਆਂ ਨੇ ਸੜਕਾਂ 'ਤੇ ਉਤਰ ਕੇ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

ਪ੍ਰਦਰਸ਼ਨਕਾਰੀਆਂ ਨੇ ਇਟਲੀ ਸਰਕਾਰ ਤੋਂ ਕੀਤੀ ਮੰਗ
ਪ੍ਰਦਰਸ਼ਨਕਾਰੀਆਂ ਨੇ ਇਟਲੀ ਸਰਕਾਰ ਤੋਂ ਇਜ਼ਰਾਈਲ ਨਾਲ ਵਪਾਰਕ ਸਬੰਧ ਖਤਮ ਕਰਨ ਅਤੇ ਫੌਜੀ ਸਹਾਇਤਾ ਬੰਦ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਮਿਲਾਨ ਵਿੱਚ 50,000 ਤੋਂ ਵੱਧ ਲੋਕ ਸੜਕਾਂ 'ਤੇ ਉਤਰ ਆਏ। ਇਸੇ ਤਰ੍ਹਾਂ ਬੋਲੋਨਾ ਵਿੱਚ ਗਾਜ਼ਾ ਦੇ ਸਮਰਥਨ ਵਿੱਚ 10,000 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ।

ਮਿਲਾਨ 'ਚ ਪੁਲਸ ਨੇ ਪੇਪਰ ਸਪਰੇਅ ਅਤੇ ਵਾਟਰ ਕੈਨਨ ਦਾਗੇ
ਮਿਲਾਨ ਵਿੱਚ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ 'ਤੇ ਧੂੰਏਂ ਦੇ ਬੰਬ ਅਤੇ ਪੱਥਰ ਸੁੱਟੇ। ਜਵਾਬ ਵਿੱਚ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਮਿਰਚਾਂ ਦੇ ਪੇਪਰ ਸਪਰੇਅ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਗਾਜ਼ਾ ਵਿੱਚ ਬੱਚਿਆਂ ਦੀ ਮੌਤ ਅਤੇ ਹਸਪਤਾਲਾਂ 'ਤੇ ਹਮਲਿਆਂ ਦੀਆਂ ਖ਼ਬਰਾਂ ਦੇ ਸਾਹਮਣੇ ਚੁੱਪ ਰਹਿਣਾ ਹੁਣ ਸੰਭਵ ਨਹੀਂ ਹੈ। ਇਟਲੀ ਨੂੰ ਹੁਣ ਫੈਸਲਾ ਲੈਣਾ ਚਾਹੀਦਾ ਹੈ।

ਜਾਣੋ ਜਾਰਜੀਆ ਮੇਲੋਨੀ ਨੇ ਕੀ ਕਿਹਾ?
ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਕਿਹਾ ਕਿ ਉਸਨੇ ਪ੍ਰਦਰਸ਼ਨਾਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਹੈ। ਪ੍ਰਬੰਧਕਾਂ ਨੇ ਫਲਸਤੀਨੀ ਰਾਜ ਨੂੰ ਤੁਰੰਤ ਮਾਨਤਾ ਦੇਣ ਦੀ ਮੰਗ ਕੀਤੀ ਹੈ। ਮੇਲੋਨੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਇੱਕ ਗੁੰਮਰਾਹਕੁੰਨ ਅਤੇ ਗੁੰਮਰਾਹਕੁੰਨ ਕਦਮ ਦੱਸਿਆ, ਵਿਰੋਧ ਪ੍ਰਦਰਸ਼ਨਾਂ ਨੂੰ ਕੱਟੜਪੰਥੀ ਖੱਬੇ-ਪੱਖੀ ਯੂਨੀਅਨਾਂ ਦੀ ਰਾਜਨੀਤੀ ਵਜੋਂ ਖਾਰਜ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News