ਇਟਲੀ : ਧੂਮ-ਧਾਮ ਨਾਲ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ

Tuesday, Oct 18, 2022 - 12:01 PM (IST)

ਰੋਮ ਇਟਲੀ (ਕੈਂਥ): ਅੱਜ ਇਟਲੀ ਦੀ ਧਰਤੀ 'ਤੇ ਰਵਿਦਾਸੀਆ ਸਮਾਜ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਜਗਤ ਗੁਰੂ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਮਨਾ ਕੇ ਜੋ ਸੁਨੇਹਾ ਸਾਂਝੀਵਾਲਤਾ ਅਤੇ ਆਪਸੀ ਪਿਆਰ ਦਾ ਸਮੁੱਚੀ ਕਾਇਨਾਤ ਨੂੰ ਦਿੱਤਾ ਜਾ ਰਿਹਾ ਹੈ ਉਹ ਬਹੁਤ ਸ਼ਲਾਘਾਯੋਗ ਕਾਬਲੇ ਤਾਰੀਫ਼ ਕਾਰਵਾਈ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਯੂਰਪ ਫੇਰੀ 'ਤੇ ਆਏ ਉੱਘੇ ਬਹੁਜਨ ਚਿੰਤਕ ਭਗਵਾਨ ਸਿੰਘ ਚੌਹਾਨ ਨੇ ਕੀਤਾ।

ਚੌਹਾਨ ਨੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਏ ਮਹਾਨ ਤੱਪਸਵੀ,ਦੂਰਦਰਸ਼ੀ ,ਮਹਾਨ ਧਾਰਮਿਕ ਗ੍ਰੰਥ "ਸ੍ਰੀ ਰਮਾਇਣ" ਰਚੇਤਾ ਜਗਤ ਗੁਰੂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮੌਕੇ ਦਰਬਾਰ ਵਿੱਚ ਹਾਜ਼ਰੀਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੁਮੇਲ ਪੂਰੀ ਦੁਨੀਆ ਵਿੱਚ ਹੋਣਾ ਚਾਹੀਦਾ ਹੈ। ਖਾਸ ਕਰ ਭਾਰਤ ਪੰਜਾਬ ਦੀ ਧਰਤੀ 'ਤੇ ਵੀ ਅਜਿਹੀਆਂ ਗਤੀਵਿਧੀਆਂ ਸੰਜੀਦਗੀ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ।ਭਗਵਾਨ ਵਾਲਮੀਕਿ ਮਹਾਰਾਜ ਜੀ ਜਿਹਨਾਂ ਦਾ ਸਮੁੱਚਾ ਜੀਵਨ ਪ੍ਰਭੂ ਭਗਤੀ ਵਿੱਚ ਬੇਮਿਸਾਲ ਹੈ ਉਹਨਾਂ ਦੇ ਜੀਵਨ ਤੋਂ ਸਾਨੂੰ ਸੇਧ ਲੈਕੇ ਸਮਾਜ ਵਿੱਚ ਸਾਂਝੀਵਾਲਤਾ ਦਾ ਦੀਵਾ ਘਰ-ਘਰ ਬਾਲਣ ਦੀ ਮੁੱਖ ਲੋੜ ਹੈ ਤਦ ਹੀ ਅਸੀ ਮਹਾਪੁਰਸ਼ਾਂ ਦੀ ਸੋਚ ਦਾ ਸਮਾਜ ਸਿਰਜ ਸਕਦੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੀ ਸੰਸਦ ਨੇ ਮੋਮਬੱਤੀਆਂ ਜਗਾ ਕੇ ਮਨਾਈ ਦੀਵਾਲੀ, ਕੀਤੀਆਂ ਪ੍ਰਾਰਥਨਾਵਾਂ 

ਇਸ ਪ੍ਰਗਟ ਦਿਵਸ ਸਮਾਰੋਹ ਮੌਕੇ ਸ੍ਰੀ ਅੰਮ੍ਰਿਤਬਾਣੀ ਦੇ ਆਰੰਭੇ ਪਾਠ ਦੇ ਭੋਗ ਉਪੰਰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਕੀਰਤਨ ਜੱਥਿਆਂ ਵੱਲੋਂ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਭਾਈ ਅਮਰੀਕ ਲਾਲ ਵੱਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਪ੍ਰੈੱਸ ਨੂੰ ਇਹ ਜਾਣਕਾਰੀ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਰਾਮ ਆਸਰਾ ਤੇ ਸਮੂਹ ਮੈਂਬਰ ਨੇ ਦਿੰਦਿਆਂ ਕਿਹਾ ਜਗਤ ਗੁਰੂ ਵਾਲਮੀਕਿ ਭਗਵਾਨ ਜੀ ਨੇ ਜਿਸ ਤਿਆਗ,ਸਿੱਦਤ ਅਤੇ ਲਗਨ ਨਾਲ ਤਪੱਸਿਆ ਕੀਤੀ ਉਹ ਆਪਣੇ ਆਪ ਵਿੱਚ ਮਿਸ਼ਾਲ ਹੈ।ਉਹਨਾਂ ਦੁਆਰਾ ਰੱਚਿਤ ਗ੍ਰੰਥ "ਸ੍ਰੀ ਰਮਾਇਣ"ਅੱਜ ਸਮੁੱਚੇ ਸੰਸਾਰ ਲਈ ਮੁੱਕਤੀ ਮਾਰਗ ਹੈ।ਭਗਵਾਨ ਵਾਲਮੀਕਿ ਜੀ ਨੇ ਆਪਣੀ ਦੂਰਦਰਸ਼ੀ ਸ਼ਕਤੀ ਨਾਲ ਹੀ ਰਾਮ ਜੀ ਦੇ ਜਨਮ ਤੋਂ ਸੈਂਕੜੇ ਸਾਲ ਪਹਿਲਾਂ "ਸ੍ਰੀ ਰਮਾਇਣ" ਦੀ ਰਚਨਾ ਕੀਤੀ।ਸੰਗਤਾਂ ਨੂੰ ਆਪਣੇ ਰਹਿਬਰਾਂ,ਗੁਰੂਆਂ ਅਤੇ ਮਹਾਂਪੁਰਸ਼ਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਉਹਨਾਂ ਦੇ ਦੱਸੇ ਮਾਰਗ 'ਤੇ ਚੱਲਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ।ਇਸ ਮੌਕੇ ਭਗਵਾਨ ਸਿੰਘ ਚੌਹਾਨ ਅਤੇ ਹੋਰ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਗੁਰੂ ਦੀ ਬਖ਼ਸਿ਼ਸ਼ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸਮੂਹ ਸੰਗਤ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।


Vandana

Content Editor

Related News