ਇਟਲੀ : ਕਲਤੂਰਾ ਸੰਸਥਾ ਵੱਲੋਂ ਸਿੱਖੀ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ

03/22/2019 10:03:10 AM

ਰੋਮ/ਇਟਲੀ (ਕੈਂਥ)— ਇਟਲੀ ਯੂਰਪ ਭਰ ਵਿਚ ਸ਼ਾਇਦ ਸਿੱਖ ਮਸਲਿਆਂ ਸਬੰਧੀ ਸਭ ਤੋਂ ਵੱਧ ਚਰਚਾ ਵਿਚ ਹੈ।ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਅਤੇ ਸਿੱਖ ਕਕਾਰਾਂ ਨੂੰ ਲੈ ਕੇ ਇਟਲੀ ਦੀਆ ਕਈ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਦੇ ਆਗੂ ਇਸ ਮਸਲੇ ਨੂੰ ਹੱਲ ਕਰਨ ਦੇ ਵਾਅਦੇ ਕਰਦੇ ਜ਼ਰੂਰ ਨਜ਼ਰ ਆ ਰਹੇ ਹਨ ਪਰ ਅਜੇ ਤੱਕ ਇਟਲੀ ਦੇ ਸਿੱਖਾਂ ਲਈ ਇਸ ਮਸਲੇ ਦਾ ਕੋਈ ਹੱਲ ਨਜ਼ਰ ਨਹੀ ਆ ਰਿਹਾ। ਹੁਣ ਤੱਕ ਵੀ ਕਈ ਸਿੰਘਾਂ ਨੂੰ ਜਨਤਕ ਤੌਰ ਤੇ ਸ੍ਰੀ ਸਾਹਿਬ ਪਹਿਣਨ 'ਤੇ ਜੁਰਮਾਨੇ ਅਤੇ ਕਈਆਂ ਦੇ ਅਦਾਲਤ ਵਿਚ ਕੇਸ ਚਲ ਰਹੇ ਹਨ ।ਇਸ ਉੂਣਤਾਣ ਨਾਲ ਨਜਿੱਠਣ ਸਬੰਧੀ ਹੀ ਇਟਲੀ ਦੇ ਕੁਝ ਜੁਝਾਰੂ  ਸਿੱਖ ਨੌਜਵਾਨਾਂ ਵੱਲੋਂ ਸ਼ਲਾਘਾਯੋਗ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਕਾਰਵਾਈ ਅਧੀਨ ਮਹਾਨ ਸਿੱਖ ਧਰਮ ਨਾਲ ਇਟਲੀ ਦੀ ਭਾਰਤੀ ਨੌਜਵਾਨ ਪੀੜ੍ਹੀ ਨੂੰ ਜੋਨ ਤੇ ਸਿੱਖ ਇਤਿਹਾਸ ਦੀਆਂ ਲਾਸਾਨੀ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਲਈ ਜੂਝ ਰਹੀ ਸਰਗਰਮ ਸੰਸਥਾ ਕਲਤੂਰਾ  ਸਿੱਖ ਇਟਲੀ ਹੈ ਜੋਕਿ ਇਟਲੀ ਦੇ ਨਾਲ ਨਾਲ ਯੂਰਪ ਭਰ ਵਿਚ ਵੀ ਜਾ-ਜਾ ਕੇ ਦਸਤਾਰ ਕੈਂਪਾਂ ਦਾ ਆਯੋਜਨ ਕਰਵਾਉਂਦੀ, ਨਗਰ ਕੀਰਤਨਾਂ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਲਿਟਰੇਚਰ ਇਟਾਲੀਅਨ ਭਾਸ਼ਾ ਅਤੇ ਕਈ ਹੋਰ ਯੂਰਪੀਅਨ ਭਾਸ਼ਾ ਵਿਚ ਵਿਚ ਛਾਪ ਕੇ ਸਭ ਧਰਮਾਂ ਦੇ ਲੋਕਾਂ ਨੂੰ ਮੁਫਤ ਵੰਡਦੀ ਆ ਰਹੀ ਹੈ। 

ਇਸ ਸੰਸਥਾ ਵੱਲੋਂ ਇਟਲੀ ਦੇ ਸਿੱਖਾਂ ਦੀਆਂ ਦਰਵੇਸ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਮਹਾਨ ਸਿੱਖ ਧਰਮ ਦੇ ਦੁਨੀਆ ਭਰ ਵਿਚ ਪ੍ਰਸਾਰ ਦੇ ਲਈ ਵਿਸ਼ੇਸ਼ ਯੂ-ਟਿਊਬ ਚੈਨਲ ਚਲਾਇਆ ਗਿਆ ਹੈ, ਜਿਸ ਦੀ ਅਗਵਾਈ ਕਲਤੂਰਾ ਸਿੱਖ ਇਟਲੀ ਦੇ ਸੇਵਾਦਾਰ ਭਾਈ ਕੁਲਵੰਤ ਸਿੰਘ ਖਾਲਸਾ ਅਤੇ ਭਾਈ ਸਿਮਰਨਜੀਤ ਸਿੰਘ ਰਾਜੂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਲਤੂਰਾ ਸਿੱਖ ਇਟਲੀ ਵਲੋਂ ਇਟਲੀਅਨ ਭਾਸ਼ਾ ਵਿਚ ਹੀ ਨਹੀ ਸਗੋਂ ਯੂਰਪ ਦੀਆ ਵੱਖ-ਵੱਖ ਭਾਸ਼ਾਵਾਂ ਵਿਚ ਕਿਤਾਬਾਂ ਛਪਵਾ ਕੇ ਸਿੱਖੀ ਦਾ ਪ੍ਰਚਾਰ ਕਰ ਕੇ ਪੰਥ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ। ਹੁਣ ਜਲਦੀ ਹੀ ਜਰਮਨ ਭਾਸ਼ਾ ਵਿਚ ਇਕ ਕਿਤਾਬ ਸਿੱਖ ਇਤਿਹਾਸ 'ਤੇ ਤਿਆਰ ਕੀਤੀ ਜਾ ਰਹੀ ਹੈ ਜਿਸ ਦਾ ਖਰੜਾ ਤਿਆਰ ਕੀਤਾ ਜਾ ਚੁੱਕਾ ਹੈ। ਇਸ ਕਿਤਾਬ ਨੂੰ ਸੁਧਾਈ ਤੋਂ ਬਾਅਦ ਜਲਦ ਹੀ ਸੰਗਤਾਂ ਦੇ ਸਨਮੁੱਖ ਕੀਤੀ ਜਾਵੇਗੀ। ਜੇਕਰ ਇਸ ਸੰਸਥਾ ਵਾਂਗ ਇਟਲੀ ਦੀਆਂ ਹੋਰ ਸਿੱਖ ਸੰਸਥਾਵਾਂ ਵੀ ਸੰਜੀਦਾ ਹੋ ਤੁਰਨ ਤਾਂ ਇਟਾਲੀਅਨ ਪ੍ਰਸ਼ਾਸਨ ਸਮਝ ਜਾਵੇਗਾ ਕਿ ਸਚਮੁੱਚ ਹੀ ਸਿੱਖ ਵੱਖਰੀ ਕੌਮ ਹਨ।


Kainth

Reporter

Related News