ਇਟਲੀ ਸਰਕਾਰ ਦਾ ਸਖਤ ਹੁਕਮ, ਘਰੋਂ ਬਾਹਰ ਨਿਕਲਣ ''ਤੇ ਲੱਗੇਗਾ ਇੰਨਾ ਜੁਰਮਾਨਾ
Saturday, Mar 14, 2020 - 04:04 PM (IST)

ਮਿਲਾਨ ਇਟਲੀ (ਸਾਬੀ ਚੀਨੀਆ)- ਇਟਲੀ ਸਰਕਾਰ ਵਲੋਂ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਬਣਾਏ ਕਾਨੂੰਨਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਕਦਮ ਤਹਿਤ ਸਥਾਨਕ ਪੁਲਸ ਵੱਲੋਂ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਕੀਤਾ ਜਾ ਰਿਹਾ ਹੈ।
ਪੁਲਸ ਵਲੋਂ ਬਿਨਾਂ ਕੰਮ ਤੋ ਘਰੋਂ ਬਾਹਰ ਜਾਣ ਵਾਲਿਆਂ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ 200 ਤੋਂ 500 ਯੂਰੋ ਤੱਕ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਹੀ ਨਹੀਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਅਦਾਲਤੀ ਕੇਸ ਵੀ ਦਰਜ ਕੀਤੇ ਜਾ ਚੁੱਕੇ ਹਨ। ਅਜਿਹਾ ਕਰਨ ਤੋਂ ਪਹਿਲਾਂ ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀਆਂ ਨੂੰ ਸਥਿਤੀ ਬਾਰੇ ਜਾਨਣਾ ਜ਼ਰੂਰੀ ਹੈ। ਖਾਣ-ਪੀਣ ਦਾ ਸਮਾਨ ਜਾਂ ਦਵਾਈਆਂ ਆਦਿ ਲਈ ਘਰੋਂ ਇਕ ਮੈਂਬਰ ਬਾਹਰ ਜਾ ਸਕਦਾ ਹੈ। ਅਜਿਹੀ ਸਥਿਤੀ ਵਿਚ ਤੁਹਾਡੇ ਕੋਲ ਗ੍ਰਹਿ ਮੰਤਰਾਲੇ ਵਲੋਂ ਜਾਰੀ ਪੱਤਰ ਦਾ ਹੋਣਾ ਜ਼ਰੂਰੀ ਹੈ, ਜਿਸ ਵਿਚ ਕਿਥੋਂ ਤੁਰੇ ਤੇ ਕਿਥੇ ਜਾਣਾ ਜਾਂ ਕਿਸ ਕੰਮ ਜਾਣਾ ਪੂਰੀ ਜਾਣਕਾਰੀ ਭਰਨੀ ਲਾਜ਼ਮੀ ਹੈ, ਨਹੀਂ ਤਾਂ ਜੁਰਮਾਨੇ ਦੇ ਨਾਲ ਸਰਕਾਰੀ ਹੁਕਮਾਂ ਨੂੰ ਨਾ ਮੰਨਣ ਦੀ ਸੂਰਤ ਵਿਚ ਅਦਾਲਤੀ ਕਾਰਵਾਈ ਵੀ ਹੋ ਸਕਦੀ ਹੈ।