ਇਟਲੀ ਦੀ ਮਸ਼ਹੂਰ ਕੋਰੀਅਰ ਕੰਪਨੀ ਦੇ 79 ਕਰਮੀ ਤੇ ਉਨ੍ਹਾਂ ਦੇ 28 ਪਰਿਵਾਰਕ ਮੈਂਬਰ ਕੋਵਿਡ-19 ਪੀੜਤ

Sunday, Jun 28, 2020 - 05:25 PM (IST)

ਰੋਮ/ਇਟਲੀ (ਦਲਵੀਰ ਕੈਂਥ): ਕੋਵਿਡ-19 ਨਿਰੰਤਰ ਦੁਨੀਆ ਵਿੱਚ ਆਪਣੀ ਤਬਾਹੀ ਨਾਲ ਤਹਿਲਕਾ ਮਚਾ ਰਿਹਾ ਹੈ। ਬੇਸ਼ੱਕ ਇਟਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਦੇ ਕੇਸਾਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਟਲੀ ਵਿੱਚ ਇੱਕ ਮਸ਼ਹੂਰ ਕੋਰੀਅਰ ਕੰਪਨੀ ਬਾਰਤੋਲੀਨੀ ਬਲੋਨੀਆ ਵਿਚ ਮਹਾਮਾਰੀ ਫੈਲਣ ਨਾਲ ਕੋਰੋਨਾਵਾਇਰਸ ਦੇ ਨਾਲ ਪ੍ਰਭਾਵਿਤ 107 ਮਾਮਲੇ ਸਾਹਮਣੇ ਆਏ ਹਨ।ਦੱਸ ਦਈਏ ਕਿ ਇਹ ਕੋਰੀਅਰ ਕੰਪਨੀ ਇਟਲੀ ਦੇ ਸੂਬੇ ਇਮਿਲੀਆ ਰੋਜ਼ਾਨਾ ਦੇ ਬਲੋਨੀਆ ਸ਼ਹਿਰ ਵਿੱਚ ਸਥਿਤ ਹੈ ਜਿਹੜਾ ਕਿ ਇਟਲੀ ਵਿੱਚ ਕੋਰੋਨਾਵਾਇਰਸ ਨਾਲ ਕਾਫੀ ਪ੍ਰਭਾਵਿਤ ਇਲਾਕਾ ਮੰਨਿਆ ਗਿਆ ਹੈ ਜਿੱਥੇ ਕਿ 28397 ਲੋਕ ਕੋਵਿਡ-19 ਤੋਂ ਪ੍ਰਭਾਵਿਤ ਹਨ ਜਦੋਂ ਕਿ 4252 ਲੋਕਾਂ ਦੀ ਸੂਬੇ ਵਿੱਚ ਹੁਣ ਤੱਕ ਮੌਤ ਹੋ ਚੁੱਕੀ ਹੈ।

ਇਸ ਇਲਾਕੇ ਵਿੱਚ ਇੱਕ ਪੰਜਾਬੀ ਕੁਲਵਿੰਦਰ ਸਿੰਘ ਸੋਢੀ ਦੀ ਮੌਤ ਹੋ ਚੁੱਕੀ ਹੈ।ਇਥੋਂ ਦੇ ਸਿਹਤ ਵਿਭਾਗ ਨੂੰ ਇਨੀਂ ਦਿਨੀਂ ਕੀਤੇ ਗਏ ਟੈਸਟਾਂ ਦੁਆਰਾ ਪਤਾ ਲੱਗਿਆ ਹੈ ਕਿ ਪੀੜਤ ਵਿਅਕਤੀਆਂ ਵਿਚ, ਕੰਪਨੀ ਦੇ ਕਰਮਚਾਰੀ ਅਤੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ ਜੋ ਉਨ੍ਹਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਵਿੱਚ ਰਹੇ ਹਨ। ਬਲੋਨੀਆ ਹੈਲਥ ਕੇਅਰ ਵਿਭਾਗ ਦੇ ਡਾਇਰੈਕਟਰ ਪਾਓਲੋ ਪਾਂਡੋਲਫੀ ਨੇ ਦੱਸਿਆ ਕਿ ਪੀੜਤ ਵਿਅਕਤੀਆਂ ਵਿੱਚੋ, “ਕੋਵਿਡ-19 ਨਾਲ ਇਸ ਕੰਪਨੀ ਦੇ ਗੋਦਾਮ ਵਿੱਚ ਕੰਮ ਕਰਨ ਵਾਲੇ 79 ਕਰਮਚਾਰੀ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਪਾਏ ਗਏ ਹਨ ਅਤੇ ਇਹਨਾਂ ਦੇ 28 ਪਰਿਵਾਰਕ ਮੈਂਬਰ ਵੀ ਇਸ ਮਹਾਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ। 

ਮਿਲੀ ਜਾਣਕਾਰੀ ਮੁਤਾਬਕ ਇਸ ਕੰਪਨੀ ਦੇ 77 ਕਰਮਚਾਰੀ ਜੋ ਗੋਦਾਮ ਵਿੱਚ ਕੰਮ ਕਰਦੇ ਹਨ ਅਤੇ 2 ਟਰੱਕ ਡਰਾਈਵਰ ਹਨ ਜੋਕਿ ਇਸ ਕੰਪਨੀ ਵਿੱਚ ਡਰਾਈਵਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਇਹ ਸਾਰੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ। ਦੱਸਣਯੋਗ ਹੈ ਕਿ 2 ਵਿਆਕਤੀ ਹੀ ਗੰਭੀਰ ਪਾਏ ਗਏ ਹਨ ਜੋ ਹਸਪਤਾਲ ਵਿੱਚ ਇਲਾਜ ਅਧੀਨ ਹਨ। ਬਾਕੀ 77 ਕਰਮਚਾਰੀਆਂ ਨੂੰ ਸਿਹਤ ਵਿਭਾਗ ਵੱਲੋਂ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ ਪਰ ਇਸ ਕੋਰੀਅਰ ਕੰਪਨੀ ਨੂੰ ਬੰਦ ਨਹੀਂ ਕੀਤਾ ਗਿਆ ਹੈ ਕਿਉਂਕਿ ਬਾਰਤੋਲੀਨੀ ਕੋਰੀਅਰ ਕੰਪਨੀ ਇਟਲੀ ਦੀ ਮਸ਼ਹੂਰ ਕੋਰੀਅਰ ਕੰਪਨੀ ਮੰਨੀ ਜਾਂਦੀ ਹੈ ਅਤੇ ਇਸ ਦੀਆਂ ਸੇਵਾਵਾਂ ਪੂਰੀ ਇਟਲੀ ਵਿੱਚ ਪਾਈਆਂ ਜਾਂਦੀਆਂ ਹਨ। ਹੁਣ ਕੰਪਨੀ ਦੇ ਅਧਿਕਾਰੀਆਂ ਵੱਲੋਂ ਇਟਲੀ ਦੀਆਂ ਬਾਕੀ ਬ੍ਰਾਂਚਾਂ ਵਿੱਚ ਕੰਮ ਕਰ ਰਹੇ ਹੋਰਨਾਂ ਕਰਮਚਾਰੀਆਂ ਵਿੱਚ ਵੀ ਕੋਰੋਨਾਵਾਇਰਸ ਸੰਬੰਧੀ ਛਾਣਬੀਣ ਕੀਤੀ ਜਾ ਰਹੀ ਹੈ, ਤਾਂ ਕਿ ਇਸ ਮਹਾਮਾਰੀ ਨੂੰ ਰੋਕਿਆ ਜਾ ਸਕੇ।


Vandana

Content Editor

Related News