ਇਟਲੀ ''ਚ ਪੰਜਾਬੀ ਨੌਜਵਾਨ ਦੀ ਦਰਿਆ ਦਿਲੀ ਨੂੰ ਵੇਖ ਗੋਰੇ ਵੀ ਹੋਏ ਹੈਰਾਨ, ਦਾਨ ਕੀਤੀ ਵੱਡੀ ਰਾਸ਼ੀ
Saturday, May 16, 2020 - 01:52 PM (IST)

ਮਿਲਾਨ, (ਸਾਬੀ ਚੀਨੀਆ)- ਕੋਰੋਨਾ ਮਹਾਂਮਾਰੀ ਦੀ ਮਾਰ ਹੇਠ ਆਏ ਛੋਟੇ ਜਿਹੇ ਦੇਸ਼ ਇਟਲੀ ਨੂੰ ਆਰਥਿਕ ਤੌਰ 'ਤੇ ਬੜੇ ਵੱਡੇ ਸੰਕਟ ਵਿਚੋਂ ਲੰਘਣਾ ਪੈ ਰਿਹਾ ਹੈ, ਜਿੱਥੇ ਇੱਕ ਪਾਸੇ ਵੱਡੀਆਂ ਇੰਡਸਟਰੀਆਂ ਆਪਣੇ ਕਾਰੋਬਾਰ ਨੂੰ ਘਾਟੇ ਵਿੱਚ ਦਿਖਾ ਕੇ ਸਰਕਾਰ ਨੂੰ ਅਰਬਾਂ ਯੂਰੋ ਦਾ ਚੂਨਾ ਲਾ ਰਹੀਆਂ ਹਨ, ਉੱਥੇ ਹੀ ਕੁੱਝ ਲੋਕ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਇਟਲੀ ਵਿਚ ਰਹਿਣ ਵਾਲੇ ਗੁਰਵਿੰਦਰ ਸਿੰਘ ਹਨ, ਜਿਨ੍ਹਾਂ ਨੇ ਪੱਲਿਓਂ ਸਰਕਾਰ ਦੀ ਮਦਦ ਲਈ ਰਾਸ਼ੀ ਦਾਨ ਕੀਤੀ ਹੈ।
ਇੱਕ ਪੰਜਾਬੀ ਰੈਸਟੋਰੈਂਟ ਦੇ ਮਾਲਕ ਗੁਰਵਿੰਦਰ ਸਿੰਘ ਵੱਲੋਂ ਪੌਣੇ ਚਾਰ ਲੱਖ ਰੁਪਏ ਨਾਲ ਸਰਕਾਰ ਦੀ ਮਦਦ ਕੀਤੀ ਗਈ ਹੈ। ਉਹ ਪਹਿਲਾ ਅਜਿਹਾ ਪੰਜਾਬੀ ਹੈ ਜਿਸ ਨੇ ਇਕੱਲੇ ਆਪਣੇ ਤੌਰ 'ਤੇ ਸਭ ਤੋਂ ਵੱਧ 4500 ਯੂਰੋ ਰੈੱਡ ਕਰਾਸ ਅਤੇ ਸਥਾਨਕ ਨਗਰ ਕੌਂਸਲ ਨੂੰ ਦਿੱਤੇ ਹਨ । ਪੰਜਾਬੀ ਦੀ ਦਰਿਆਦਿਲੀ ਨੂੰ ਵੇਖ ਇਟਾਲੀਅਨ ਲੋਕ ਵੀ ਹੈਰਾਨ ਹਨ ਤੇ ਉਸ ਦੀ ਸੇਵਾ ਭਾਵਨਾ ਦੇ ਜਜ਼ਬੇ ਦੀ ਵਾਹ-ਵਾਹ ਕਰ ਰਹੇ ਹਨ ਇਟਲੀ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਬਾਬਾ ਨਾਨਕ ਦੇ ਉਪਦੇਸ਼ ਨੂੰ ਘਰ-ਘਰ ਵਿੱਚ ਪਹੁੰਚਾਉਂਦਿਆਂ ਸਥਾਨਕ ਸਰਕਾਰ ਅਤੇ ਲੋੜਵੰਦਾਂ ਦੀ ਲੱਖਾਂ ਯੂਰੋ ਨਾਲ ਆਰਥਿਕ ਸਹਾਇਤਾ ਕੀਤੀ ਹੈ, ਜਿਸ ਦੀ ਹਰ ਕੋਈ ਸ਼ਲਾਘਾ ਕਰਦਾ ਹੈ।